ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਲੇਖ, ਆਰਟ ਅਤੇ ਡੀਬੇਟ ਮੁਕਾਬਲੇ
ਜ਼ਿਲ੍ਹਾ ਪੱਧਰ 'ਤੇ ਜੇਤੂ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਕੀਤੀ ਨਗਦ ਇਨਾਮਾਂ ਦੀ ਵੰਡ

ਮੋਗਾ, 5 ਜੁਲਾਈ( Charanjit Singh ) ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਵੱਖ-ਵੱਖ ਸਕੂਲੀ ਬੱਚਿਆਂ ਦੇ ਸਕੂਲ ਪੱਧਰੀ, ਬਲਾਕ ਪੱਧਰੀ, ਤਹਿਸੀਲ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਲੇਖ, ਆਰਟ ਅਤੇ ਡੀਬੇਟ ਮੁਕਾਬਲੇ ਕਰਵਾਏ ਗਏ ਤਾਂ ਕਿ ਬੱਚਿਆਂ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਅੱਜ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦੀ ਹੌਂਸਲਾਅਫ਼ਜਾਈ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਸ਼ੁਸ਼ੀਲ ਕੁਮਾਰ ਤੁਲੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਮੱਕੜ, ਸਕੂਲ ਪ੍ਰਿੰਸੀਪਲ ਜਸਵਿੰਰ ਸਿੰਘ, ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ, ਨੋਡਲ ਅਫ਼ਸਰ ਜਗਜੀਤ ਕੌਰ, ਭੁਪਿੰਦਰ ਕੌਰ, ਅਮਰਪ੍ਰੀਤ ਕੌਰ ਅਤੇ ਜਯੋਤੀ ਵੀ ਹਾਜ਼ਰ ਸਨ।
ਬੱਚਿਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਅਤੇ ਇਸਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਪਹਿਲਕਦਮੀ ਹੈ। ਇਹ ਚੰਗੇ ਸ਼ਾਸ਼ਨ, ਵਿਕਾਸ, ਵਿਸ਼ਵ ਸ਼ਾਂਤੀ ਅਤੇ ਦੇਸ਼ ਭਰ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਫੈਲਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਯਤਨ ਤਹਿਤ ਮਨਾਇਆ ਜਾ ਰਿਹਾ ਹੈ।ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਹਿੰਦੀ ਵਾਕੰਸ਼ ਹੈ ਜੋ ਅਜ਼ਾਦੀ ਦਾ ਅੰਮ੍ਰਿਤ, ਆਜ਼ਾਦੀ ਦੇ ਯਤਨਾਂ ਦੇ ਯੋਧਿਆਂ ਦੀ ਪ੍ਰੇਰਨਾ ਦਾ ਅੰਮ੍ਰਿਤ, ਆਜ਼ਾਦੀ ਦੀ ਊਰਜਾ ਦਾ ਅੰਮ੍ਰਿਤ, ਆਤਮ ਨਿਰਭਾਰਤਾ ਦਾ ਅੰਮ੍ਰਿਤ ਅਤੇ ਨਵੇਂ ਵਿਚਾਰਾਂ ਅਤੇ ਵਚਨਬੱਧਤਾਵਾਂ ਦਾ ਅੰਮ੍ਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਮਹੋਤਸਵ ਦਾ ਮੁੱਖ ਉਦੇਸ਼ ਪੂਰੇ ਦੇਸ਼ ਵਿੱਚ ਦੇਸ਼ ਭਗਤੀ ਦੀ ਭਾਵਨਾ ਫੈਲਾਉਣਾ ਹੈ। ਇਹ ਸੁਤੰਤਰ ਭਾਰਤ ਦੇ 75 ਸਾਲਾਂ ਅਤੇ ਆਜ਼ਾਦੀ ਅੰਦੋਲਨ ਦੇ ਸ਼ਾਨਦਾਰ ਇਤਿਹਾਸ, ਇਸਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਨੂੰ ਮਨਾਉਣ ਅਤੇ ਯਾਦ ਕਰਨ ਲਈ ਮਨਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਮੁਕਾਬਿਲਆਂ ਵਿੱਚ ਪਹਿਲੇ ਨੰਬਰ ਤੇ ਰਹੇ ਵਿਦਿਆਰਥੀਆਂ ਨੂੰ 10 ਹਜ਼ਾਰ ਰੁਪਏ, ਦੂਸਰੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 6 ਹਜ਼ਾਰ ਰੁਪਏ ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 4 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਇਨਾਮਾਂ ਦੀ ਵੰਡ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਖੁਦ ਕੀਤੀ ਗਈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਲੇਖ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਰਡੀ ਸਕੂਲ ਬੱਧਨੀਂ ਕਲਾਂ ਦੀ ਵਿਦਿਆਰਥਨ ਜੈਸਮੀਨ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬੁੱਧ ਵਾਲਾ ਦੀ ਵਿਦਿਆਰਥਣ ਨੇਹਾ ਸ਼ਰਮਾ ਨੇ ਦੂਸਰਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੀ ਵਿਦਿਆਰਥਣ ਬਰਕਤਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਆਰਟ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੀ ਵਿਦਿਆਰਥਣ ਬੇਅੰਤ ਕੌਰ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀਂ ਕਲਾਂ ਦੀ ਵਿਦਿਆਰਥਣ ਰਾਜਦੀਪ ਕੌਰ ਨੇ ਦੂਸਰਾ, ਸਰਕਾਰੀ ਹਾਈ ਸਕੂਲ ਬੁੱਧ ਸਿੰਘ ਵਾਲਾ ਦੇ ਵਿਦਿਆਰਥੀ ਪਰਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
ਡੀਬੇਟ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਦੀ ਵਿਦਿਆਰਥਣ ਨਵਜੋਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੇਰ ਦੀ ਵਿਦਿਆਰਥਣ ਰੀਨਾਂ ਨੇ ਦੂਸਰਾ, ਸਰਕਾਰੀ ਹਾਈ ਸਕੂਲ ਬੁੱਧ ਸਿੰਘ ਵਾਲਾ ਦੀ ਵਿਦਿਆਰਥਣ ਨੇਹਾ ਸ਼ਰਮਾਂ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਸ੍ਰੀਮਤੀ ਜਯੋਤੀ, ਅਮਰਪ੍ਰੀਤ ਕੌਰ, ਚਰਨਜੀਤ ਕੌਰ, ਸੁਰਿੰਦਰ ਕੌਰ, ਕੁਲਵੰਤ ਕੌਰ ਨੇ ਜੱਜਾਂ ਦੀ ਭੂਮਿਕਾ ਬਾਖੂਬੀ ਨਿਭਾਈ।





