ਪਿੰਡ ਦੌਲਤਪੁਰਾ ਨੀਵਾਂ ਵਿਖੇ ਆਚਾਰ,ਮੁਰੱਬੇ ਪਾਪੜ ਤਿਆਰ ਕਰਨ ਸਬੰਧੀ 10 ਰੋਜ਼ਾ ਕੈਂਪ ਦੀ ਹੋਈ ਸ਼ੁਰੂਆਤ ਸ਼ੁਰੂ

ਮੋਗਾ, 18 ਜੂਨ ( Charanjit Singh ) ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਦੁੱਨੇਕੇ ਵੱਲੋਂ ਪਿੰਡ ਦੌਲਤਪੁਰਾ ਨੀਵਾਂ ਵਿਖੇ ਪਿੰਡ ਦੇ ਵਿਦਿਆਰਥੀ ਭਲਾਈ ਗਰੁੱਪ ਦੇ ਸਹਿਯੋਗ ਨਾਲ ਔਰਤਾਂ ਲਈ ਆਚਾਰ, ਮੁਰੱਬੇ, ਪਾਪੜ ਤਿਆਰ ਕਰਨ ਸਬੰਧੀ 10 ਦਿਨਾਂ ਕੈਂਪ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਸੋਨੀਆ ਗਾਬਾ ਵੱਲੋਂ ਕੀਤਾ ਗਿਆ। ਪਹਿਲੇ ਦਿਨ ਕੈਂਪ ਲਗਾਉਣ ਵਾਲੀਆਂ 18 ਤੋਂ 45 ਸਾਲ ਉਮਰ ਦੀਆਂ ਲਗਭਗ 35 ਔਰਤਾਂ ਦੇ ਫਾਰਮ ਭਰਵਾਏ ਗਏ।ਇਸ ਮੌਕੇ ਉੱਦਮੀ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।
ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਦੁੱਨੇਕੇ ਦੇ ਡਾਇਰੈਕਟਰ ਗੌਰਵ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਖਲਾਈ ਕੈਂਪ ਦਾ ਘਰੇਲੂ ਔਰਤਾਂ ਨੂੰ ਪੂਰਨ ਲਾਭ ਮਿਲੇਗਾ। ਉਨ੍ਹਾਂ ਇਸ ਮੌਕੇ ਸਵੈ-ਰੁਜ਼ਗਾਰ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਨਾਲ ਹੀ ਵੱਖ-2 ਬੈਂਕ ਸਕੀਮਾਂ, ਬੀਮਾ ਯੋਜਨਾਵਾਂ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਬਾਰੇ ਵਿਥਾਰ ਨਾਲ ਦੱਸਿਆ। ਇਸ ਮੌਕੇ ਆਰ.ਬੀ.ਆਈ ਦੇ ਸੀ.ਐਲ.ਐਫ਼. ਸ੍ਰੀਮਤੀ ਰਣਜੀਤ ਕੌਰ ਵੱਲੋਂ ਹੋ ਰਹੇ ਫ਼ਰਾਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਔਰਤਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਲਈ ਪ੍ਰੇਰਿਆ। ਗਰੁੱਪ ਦੇ ਸੰਸਥਾਪਕ ਪ੍ਰੋ. ਬਲਵਿੰਦਰ ਸਿੰਘ ਨੇ ਕੈਂਪ ਵਿੱਚ ਹਾਜ਼ਰ ਔਰਤਾਂ ਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਲੈਣ ਲਈ ਕਿਹਾ ਅਤੇ ਇਸ ਸਿਖਲਾਈ ਤੋਂ ਬਾਅਦ ਆਚਾਰ,ਮੁਰੱਬੇ ਪਾਪੜ ਤਿਆਰ ਕਰਨ ਦਾ ਸਵੈਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਆ।
ਜੀ.ਓ.ਜੀ ਜੁਗਰਾਜ ਸਿੰਘ ਨੇ ਆਰਸੇਟੀ ਦੀਆਂ ਮੁਫ਼ਤ ਟ੍ਰੇਨਿੰਗਾਂ ਦਾ ਵੱਧ ਤੋਂ ਵੱਧ ਔਰਤਾਂ ਨੂੰ ਫ਼ਾਇਦਾ ਲੈਣ ਲਈ ਪ੍ਰੇਰਿਆ।




