ਮਾਨਸਿਕ ਸਿਹਤ ਸੇਵਾਵਾਂ ਲਈ ‘ਟੈਲੀ-ਮਾਨਸ’ ਸਾਬਤ ਹੋ ਰਿਹਾ ਹੈ ਵਰਦਾਨ: ਸਿਵਲ ਸਰਜਨ
ਮਾਨਸਿਕ ਪ੍ਰੇਸ਼ਾਨੀ ਸਮੇਂ 14416 ਨੰਬਰ 'ਤੇ 24 ਘੰਟੇ ਲਈ ਜਾ ਸਕਦੀ ਹੈ ਮੁਫ਼ਤ ਸਲਾਹ: ਡਾ. ਪਰਦੀਪ ਕੁਮਾਰ ਮਹਿੰਦਰਾ ਸਿਵਲ ਸਰਜਨ ਮੋਗਾ

ਮੋਗਾ:19 ਫਰਵਰੀ, 2026(ਚਰਨਜੀਤ ਸਿੰਘ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਵਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਆਮ ਲੋਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ‘ਟੈਲੀ-ਮਾਨਸ’ ਪ੍ਰੋਜੈਕਟ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਮੋਗਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਟੋਲ-ਫ੍ਰੀ ਹੈਲਪਲਾਈਨ ਸੇਵਾ ਹੈ ਜੋ ਪੂਰੇ ਭਾਰਤ ਵਿੱਚ 24 ਘੰਟੇ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ‘ਟੈਲੀ-ਮਾਨਸ ਪੰਜਾਬ’ ਨੇ ਇਸ ਸਾਲ ਬਹੁਤ ਵੱਡੀ ਮਾਤਰਾ ਵਿੱਚ ਕਾਲਾਂ ਪ੍ਰਾਪਤ ਕਰਕੇ ਇੱਕ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਹੈ। ਡਾ. ਪਰਦੀਪ ਕੁਮਾਰ ਮਹਿੰਦਰਾ ਅਨੁਸਾਰ ਇਹ ਸੇਵਾ ਪੰਜਾਬੀ ਸਮੇਤ 20 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਲੋੜਵੰਦ ਵਿਅਕਤੀ ਟੋਲ-ਫ੍ਰੀ ਨੰਬਰ 14416 ਜਾਂ 1800-89-14416 ‘ਤੇ ਕਾਲ ਕਰਕੇ ਕਿਸੇ ਵੀ ਸਮੇਂ ਮਾਹਿਰਾਂ ਦੀ ਰਾਏ ਲੈ ਸਕਦੇ ਹਨ। ਇਸ ਮੌਕੇਸਿਵਲ ਸਰਜਨ ਪਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮਰੀਜ਼ ਦੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਸਹਾਇਤਾ ਪ੍ਰਾਪਤ ਕਰ ਸਕੇ। ਉਨ੍ਹਾਂ ਕਿਹਾ ਕਿ ਉਪਭੋਗਤਾ ਘਰ ਬੈਠੇ ਹੀ ਆਪਣੇ ਫੋਨ ਜਾਂ ਮੋਬਾਈਲ ਐਪ ਰਾਹੀਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆਵਾਂ ਦਾ ਤਣਾਅ, ਡਿਪਰੈਸ਼ਨ, ਵਿੱਤੀ ਮੁਸ਼ਕਲਾਂ ਅਤੇ ਪਰਿਵਾਰਕ ਮਸਲਿਆਂ ਬਾਰੇ ਪੇਸ਼ੇਵਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ. ਰਾਜੇਸ਼ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਟੈਲੀ-ਮਾਨਸ ਰਾਹੀਂ ਨਾ ਸਿਰਫ਼ ਫੋਨ ‘ਤੇ ਸਲਾਹ ਦਿੱਤੀ ਜਾਂਦੀ ਹੈ, ਬਲਕਿ ਲੋੜ ਪੈਣ ‘ਤੇ ਵੀਡੀਓ ਕਾਲ ਰਾਹੀਂ ਦਵਾਈਆਂ ਬਾਰੇ ਜਾਣਕਾਰੀ ਅਤੇ ਗੰਭੀਰ ਮਾਮਲਿਆਂ ਵਿੱਚ ਵਿਅਕਤੀਗਤ ਤੌਰ ‘ਤੇ ਮਾਹਿਰਾਂ ਨਾਲ ਮਿਲਾਉਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸਿਹਤ ਵਿਭਾਗ ਮੋਗਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਮਾਨਸਿਕ ਸਿਹਤ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਮੁਫ਼ਤ ਸਰਕਾਰੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।




