ਮੋਗਾ, 28 ਅਕਤੂਬਰ: ( ਚਰਨਜੀਤ ਸਿੰਘ )
ਨਸ਼ਿਆਂ ਦੀ ਲਤ ਜ਼ਿੰਦਗੀ ਨੂੰ ਮੁਸ਼ਕਲਾਂ ਵੱਲ ਧੱਕ ਸਕਦੀ ਹੈ, ਪਰ ਸਹੀ ਇਲਾਜ, ਦ੍ਰਿੜ੍ਹ ਇਰਾਦੇ ਅਤੇ ਸਹਿਯੋਗ ਨਾਲ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ। ਇਸ ਗੱਲ ਦੀ ਪ੍ਰੇਰਣਾਦਾਇਕ ਮਿਸਾਲ ਹੈ ਮੋਗਾ ਦਾ ਵਰੁਨ ਕੁਮਾਰ (ਕਾਲਪਨਿਕ ਨਾਮ) ਜਿਸ ਨੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਛੁਡਾਊ ਕੇਂਦਰ ਜਨੇਰ ਤੋਂ ਇਲਾਜ ਕਰਵਾ ਕੇ ਨਸ਼ਿਆਂ ਨੂੰ ਮਾਤ ਦਿੱਤੀ ਹੈ। ਅੱਜ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਨਿਰੋਗ ਅਤੇ ਆਤਮ-ਨਿਰਭਰ ਜੀਵਨ ਬਤੀਤ ਕਰ ਰਿਹਾ ਹੈ।
ਵਰੁਨ ਕੁਮਾਰ (ਕਾਲਪਨਿਕ ਨਾਮ) ਦਾ ਇਹ ਸਫ਼ਰ ਉਨ੍ਹਾਂ ਨੌਜਵਾਨਾਂ ਲਈ ਉਮੀਦ ਦੀ ਕਿਰਨ ਹੈ, ਜੋ ਕਿਸੇ ਕਾਰਨ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਗਏ ਹਨ ਅਤੇ ਇਸ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦੀ ਜ਼ਿੰਦਗੀ ਵਿੱਚ ਆਇਆ ਇਹ ਬਦਲਾਅ ਦਰਸਾਉਂਦਾ ਹੈ ਕਿ ਨਸ਼ਾ ਛੱਡਣ ਲਈ ਪਹਿਲਾ ਕਦਮ ਇਲਾਜ ਕਰਵਾਉਣ ਦਾ ਫ਼ੈਸਲਾ ਲੈਣਾ ਹੈ। ਨਸ਼ੇ ਦੀ ਲਤ ਨੂੰ ਛੁਪਾਉਣ ਜਾਂ ਇਸ ਕਾਰਨ ਨਿਰਾਸ਼ ਹੋਣ ਦੀ ਬਜਾਏ ਸਮੇਂ ਸਿਰ ਇਲਾਜ ਅਤੇ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ।
ਆਪਣੇ ਜੀਵਨ ਵਿੱਚ ਆਏ ਇਸ ਸਕਾਰਾਤਮਕ ਬਦਲਾਅ ਲਈ ਉਸਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਸ ਨੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਹਿੰਮਤ ਨਾ ਹਾਰਨ ਅਤੇ ਨਸ਼ਾ ਛੱਡਣ ਲਈ ਇਲਾਜ ਦਾ ਰਾਹ ਅਪਣਾਉਣ। ਉਸ ਅਨੁਸਾਰ, ਸਹੀ ਇਲਾਜ ਅਤੇ ਮਜ਼ਬੂਤ ਇਰਾਦੇ ਨਾਲ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾ ਦੇ ਇਲਾਜ ਲਈ ਜਨੇਰ ਵਿਖੇ ਮੁੜ ਵਸੇਬਾ ਕੇਂਦਰ ਵੱਲੋਂ ਉਨ੍ਹਾਂ ਨੂੰ ਹਰ ਸਹਾਇਤਾ ਦਿੱਤੀ ਗਈ । ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਵੀ ਜਨੇਰ ਮੁੜ ਵਸੇਬਾ ਕੇਂਦਰ ਦੇ ਮਨੋਵਿਗਿਆਨਕਾਂ ਵੱਲੋਂ ਲਗਾਤਾਰ ਉਸ ਨਾਲ ਰਾਬਤਾ ਰੱਖਿਆ ਜਾਂਦਾ ਹੈ ।
ਉਸਨੇ ਕਿਹਾ ਕਿ “ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਆਪਣਾ ਡੌਗ ਬਰੀਡਿੰਗ ਦਾ ਕੰਮ ਕਰ ਰਿਹਾ ਹੈ , ਜਿਸ ਨਾਲ ਉਹ ਆਪਣਾ ਤੇ ਪਰਿਵਾਰ ਦਾ ਜੀਵਨ ਨਿਰਬਾਹ ਕਰ ਰਿਹਾ ਹੈ ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਵਰੁਨ ਕੁਮਾਰ ਦੀ ਕਹਾਣੀ ਦਾ ਸੁਨੇਹਾ ਸਪੱਸ਼ਟ ਹੈ—ਨਸ਼ਾ ਜ਼ਿੰਦਗੀ ਦਾ ਅੰਤ ਨਹੀਂ, ਸਗੋਂ ਸਹੀ ਸਮੇਂ ’ਤੇ ਲਿਆ ਗਿਆ ਫ਼ੈਸਲਾ ਨਵੀਂ ਸ਼ੁਰੂਆਤ ਬਣ ਸਕਦਾ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ, ਸਨਮਾਨਜਨਕ ਅਤੇ ਆਤਮ-ਨਿਰਭਰ ਜੀਵਨ ਜਿਊਣਾ ਸੰਭਵ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਵਰਗੇ ਉਪਰਾਲਿਆਂ ਦਾ ਮਕਸਦ ਵੀ ਨਸ਼ਿਆਂ ਦੀ ਲਤ ਤੋਂ ਪੀੜਤ ਲੋਕਾਂ ਨੂੰ ਇਲਾਜ ਨਾਲ ਜੋੜ ਕੇ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣਾ ਹੈ।
ਫੋਟੋ ਕੈਪਸ਼ਨ- ਨਸ਼ਾ ਛੱਡ ਕੇ ਮੁੱਖ ਧਾਰਾ ਵਿੱਚ ਆਏ ਵਰੁਨ ਕੁਮਾਰ (ਕਾਲਪਨਿਕ ਨਾਮ) ਦੀ ਫੋਟੋ

