ਤਾਜਾ ਖਬਰਾਂ
ਪੀਏਯੂ ਦੇ ਖੋਜਕਰਤਾਵਾਂ ਨੇ ਕਿਸ਼ਨਪੁਰਾ ਦੇ ਵਿਦਿਆਰਥੀਆਂ ਨਾਲ ਭੋਜਨ, ਸਿਹਤ ਅਤੇ ਪੋਸ਼ਣ ਸੰਬੰਧੀ ਸੁਝਾਅ ਸਾਂਝੇ ਕੀਤੇ
ਭੋਜਨ, ਪੋਸ਼ਣ ਅਤੇ ਸਿਹਤ ਵਿਸ਼ੇ ਉੱਪਰ ਪਾਇਆ ਚਾਨਣਾ

ਕਿਸ਼ਨਪੁਰਾ ਕਲਾਂ (ਮੋਗਾ), 19 ਅਗਸਤ (ਚਰਨਜੀਤ ਸਿੰਘ )
ਇੱਕ ਨਵੀਂ ਪਹਿਲਕਦਮੀ ਤਹਿਤ ਓਰੀਐਂਟੇਸ਼ਨ ਪ੍ਰੋਗਰਾਮ ਅਤੇ ਪੋਸ਼ਣ ਦੇ ਮਹੱਤਵ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫੂਡ ਐਂਡ ਨਿਊਟ੍ਰੀਸ਼ਨ ਵਿਭਾਗ ਦੇ ਸਹਿਯੋਗ ਨਾਲ ਨੇਸਲੇ ਇੰਡੀਆ ਲਿਮਟਿਡ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਸ਼ਨਪੁਰਾ ਕਲਾਂ ਦੇ ਕੈਂਪਸ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ।
ਇਸ ਅਕਾਦਮਿਕ ਪ੍ਰੋਗਰਾਮ ਦੇ ਸਮਾਪਤੀ ਵਾਲੇ ਦਿਨ ਸਕੂਲੀ ਵਿਦਿਆਰਥੀਆਂ ਦੇ ਭੋਜਨ, ਸਿਹਤ ਅਤੇ ਪੋਸ਼ਣ ਸੰਬੰਧੀ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਜੇਤੂਆਂ ਨੂੰ ਨੇਸਲੇ ਦੇ ਮੁਖੀ ਮਿਸਟਰ ਸਟੈਨਲੀ ਅਤੇ ਨੇਸਲੇ ਦੇ ਹੋਰ ਅਧਿਕਾਰੀਆਂ ਨੇ ਇਨਾਮ ਦਿੱਤੇ। ਸਟੈਨਲੇ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਮਹਾਂਮਾਰੀ ਦੇ ਯੁੱਗ ਵਿੱਚ ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਵੱਲ ਧਿਆਨ ਦੇਣ।
ਸਮਾਗਮ ਦੌਰਾਨ ਪੀਏਯੂ ਲੁਧਿਆਣਾ ਤੋਂ ਡਾ: ਕਿਰਨ ਬੈਂਸ (ਹੈਡ ਫੂਡ ਐਂਡ ਨਿਊਟ੍ਰੀਸ਼ਨ ਵਿਭਾਗ), ਨੈਨਾ ਭੱਟ (ਰਿਸਰਚ ਫੈਲੋ), ਅੰਮ੍ਰਿਤਪਾਲ ਕੌਰ (ਰਿਸਰਚ ਫੈਲੋ) ਅਤੇ ਨੇਸਟਲੇ ਇੰਡੀਆ ਲਿਮਟਿਡ ਮੋਗਾ ਤੋਂ ਸ਼੍ਰੀ ਸਟੈਨਲੀ ਓਮਾਨ (ਫੈਕਟਰੀ ਮੈਨੇਜਰ), ਸ਼੍ਰੀ ਹਰਿੰਦਰਪਾਲ ਸਿੰਘ (ਮੁਖੀ ਕਾਰਪੋਰੇਟ ਮਾਮਲੇ), ਮੈਡਮ ਅਮਨ ਬਜਾਜ ਸੂਦ (ਸੀਨੀਅਰ ਮੈਨੇਜਰ ਕਾਰਪੋਰੇਟ ਅਫੇਅਰਜ਼ ਨੈਸਲੇ) ਅਤੇ ਸਤਨਾਮ ਸਿੰਘ, ਸ੍ਰੀ ਜਸਬੀਰ ਸਿੰਘ (ਸ਼ਾਹ ਪਰਿਵਾਰ ਯੂਐਸਏ), ਇਕ ਹੋਰ ਪ੍ਰਿੰਸੀਪਲ ਸ੍ਰੀ ਸੁਨੀਤ ਇੰਦਰ ਸਿੰਘ ਗਿੱਲ (ਤਲਵੰਡੀ ਮੱਲੀਆਂ) ਪ੍ਰਮੁੱਖ ਮਹਿਮਾਨ ਅਤੇ ਬੁਲਾਰੇ ਸਨ। ਵਿੱਦਿਅਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡੀਈਓ ਸੈਕੰਡਰੀ ਮੋਗਾ ਸ੍ਰੀ ਸੁਸ਼ੀਲ ਕੁਮਾਰ ਨੇ ਕੀਤੀ।
ਨੇਸਲੇ ਦੇ ਅਧਿਕਾਰੀਆਂ ਵੱਲੋਂ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸਟੈਨਲੀ ਨੇ ਵਾਤਾਵਰਣ ਦਾ ਸੰਦੇਸ਼ ਦੇਣ ਲਈ ਸਕੂਲ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ। ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਸ੍ਰੀ ਜਸਬੀਰ ਸਿੰਘ ਸ਼ਾਹ (ਅਮਰੀਕਾ) ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ।
ਇਥੇ ਜ਼ਿਕਰਯੋਗ ਹੈ ਕਿ ਸ਼ਾਹ ਪਰਿਵਾਰ ਸਕੂਲ ਦੇ ਵਿਸ਼ਵ ਪੱਧਰੀ ਬਾਸਕਟਬਾਲ ਖੇਡ ਮੈਦਾਨ ਲਈ ਪਹਿਲਾਂ ਹੀ 1.5 ਲੱਖ ਰੁਪਏ ਦਾਨ ਕਰ ਚੁੱਕਾ ਹੈ, ਜੋ ਇਨ੍ਹਾਂ ਦਿਨਾਂ ਵਿੱਚ ਮੁਕੰਮਲ ਹੋਣ ਦੇ ਆਖ਼ਰੀ ਪੜਾਅ ਵਿੱਚ ਹੈ।
ਨੇਸਲੇ ਇੰਡੀਆ ਦੁਆਰਾ ਸਪਾਂਸਰ ਕੀਤੇ ਗਏ ਪ੍ਰੋਜੈਕਟ ਦੇ ਹਿੱਸੇ ਵਜੋਂ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਸਿਹਤਮੰਦ ਖੁਰਾਕ ਨੂੰ ਉਤਸ਼ਾਹਤ ਕਰਨ ਲਈ ਪੌਸ਼ਟਿਕ ਭੋਜਨ ਚਾਰਟ, ਪੋਸਟਰ ਅਤੇ ਕਈ ਤਰ੍ਹਾਂ ਦੇ ਪੌਸ਼ਟਿਕ ਭੋਜਨ ਪਦਾਰਥ ਪ੍ਰਦਰਸ਼ਤ ਕੀਤੇ। ਨੇਸਲੇ ਟੀਮ ਦੁਆਰਾ ਇਸ ਉਪਰਾਲੇ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਪ੍ਰੇਰਣਾ ਦੇ ਹਿੱਸੇ ਵਜੋਂ ਇਨਾਮ ਦਿੱਤੇ ਗਏ।
ਪਿ੍ੰਸੀਪਲ ਡਾ: ਦਵਿੰਦਰ ਸਿੰਘ ਛੀਨਾ ਨੇ ਟਿੱਪਣੀ ਕੀਤੀ ਕਿ ਵਿਦਿਆਰਥੀਆਂ ਲਈ ਪਸਾਰ ਭਾਸ਼ਣਾਂ ਦੇ ਅਜਿਹੇ ਹੋਰ ਸੈਸ਼ਨ ਭਵਿੱਖ ਵਿੱਚ ਵੀ ਆਯੋਜਿਤ ਕੀਤੇ ਜਾਣਗੇ ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇਗਾ। ਇਸ ਮੌਕੇ ਸ੍ਰੀ ਹਰਸ਼ ਗੋਇਲ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਮੋਗਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।




