ਸਿੱਖਿਆਤਾਜਾ ਖਬਰਾਂ
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ
ਮਿਡ ਡੇਅ ਮੀਲ ਅਤੇ ਵਿਕਾਸ ਕਾਰਜਾਂ ਦਾ ਨਿਰੀਖਣ

ਮੋਗਾ, 25 ਅਕਤੂਬਰ (Charanjit Singh) ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਵੱਲੋਂ ਅੱਜ ਸਵੇਰੇ ਅਚਾਨਕ ਪਿੰਡ ਡੱਗਰੂ ਅਤੇ ਜੋਗੇਵਾਲਾ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਉਹਨਾਂ ਨੇ ਸਕੂਲਾਂ ਦੇ ਸਾਰੇ ਪੱਖਾਂ ਨੂੰ ਜਾਂਚਿਆ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।
ਡਿਪਟੀ ਕਮਿਸ਼ਨਰ ਸ਼੍ਰੀ ਨਈਅਰ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ ਨਾਲ ਅਚਾਨਕ ਉਕਤ ਸਕੂਲਾਂ ਵਿੱਚ ਪਹੁੰਚੇ। ਇਸ ਮੌਕੇ ਉਹਨਾਂ ਸਕੂਲਾਂ ਵਿਚ ਚੱਲ ਰਹੇ ਸਿਵਲ ਅਤੇ ਹੋਰ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਹਨਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਇਹਨਾਂ ਕੰਮਾਂ ਨੂੰ ਪਹਿਲ ਦੇ ਅਧਾਰ ਉੱਤੇ ਮੁਕੰਮਲ ਕਰਾਉਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਕਿਸੇ ਵੀ ਕੰਮ ਵਿੱਚ ਕੋਈ ਵੀ ਬੇਨਿਯਮੀ ਜਾਂ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਉਹਨਾਂ ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਮਿਡ ਡੇਅ ਮੀਲ ਦਾ ਵੀ ਜਾਇਜ਼ਾ ਵੀ ਲਿਆ। ਉਹਨਾਂ ਮਿਡ ਡੇਅ ਮੀਲ ਦਾ ਖਾਣਾ ਖੁਦ ਖਾ ਕੇ ਚੈੱਕ ਕੀਤਾ। ਸ਼੍ਰੀ ਨਈਅਰ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਸਮੇਂ 238 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ 354 ਪ੍ਰਾਇਮਰੀ ਸਕੂਲ ਹਨ ਜਿਹਨਾਂ ਵਿੱਚੋਂ ਕ੍ਰਮਵਾਰ 200 ਅਤੇ 300 ਸਕੂਲਾਂ ਨੂੰ ਸਮਾਰਟ ਬਣਾਇਆ ਜਾ ਚੁੱਕਾ ਹੈ। ਬਾਕੀ ਰਹਿੰਦੇ ਸਕੂਲ ਵੀ ਜਲਦ ਹੀ ਸਮਾਰਟ ਬਣਾ ਦਿੱਤੇ ਜਾਣਗੇ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਪ) ਸ੍ਰ ਵਰਿੰਦਰਪਾਲ ਸਿੰਘ, ਜੂਨੀਅਰ ਸਹਾਇਕ ਸ੍ਰ ਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।




