ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਖੇਤਾਂ ਵਿੱਚ ਪਰਾਲੀ ਦੀ ਅੱਗ ਬੁਝਾਉਣ ਲਈ ਸਮੂਹ ਬਲਾਕਾਂ ਵਿੱਚ 6 ਮੈਂਬਰੀ ਟੀਮਾਂ ਗਠਿਤ
ਕਲੱਸਟਰ ਅਫ਼ਸਰਾਂ/ਨੋਡਲ ਅਫ਼ਸਰਾਂ ਦੀਆਂ ਟੀਮਾਂ ਵੀ ਅੱਗ ਦੇ ਮਾਮਲਿਆਂ ਨੂੰ ਘਟਾਉਣ ਪ੍ਰਤੀ ਗੰਭੀਰਤਾ ਨਾਲ ਯਤਨਸ਼ੀਲ-ਡਿਪਟੀ ਕਮਿਸ਼ਨਰ

ਮੋਗਾ, 5 ਨਵੰਬਰ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਝੋਨੇ ਦੀ ਪਰਾਲੀ ਦੀਆਂ ਅੱਗਾਂ ਦੇ ਮਾਮਲਿਆਂ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾ ਮਾਮਲਿਆਂ ਉੱਪਰ ਬਾਜ ਅੱਖ ਰੱਖਣ, ਜਾਗਰੂਕਤਾ ਫੈਲਾਉਣ ਅਤੇ ਕਾਰਵਾਈ ਕਰਨ ਹਿੱਤ 334 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਸਬ-ਡਿਵੀਜ਼ਨ ਨਿਹਾਲ ਸਿੰਘ ਵਾਲਾ ਵਿੱਚ 39, ਮੋਗਾ ਵਿੱਚ 88, ਬਾਘਾਪੁਰਾਣਾ ਵਿੱਚ 56 ਅਤੇ ਧਰਮਕੋਟ ਵਿੱਚ 151 ਨੋਡਲ ਅਫ਼ਸਰਾਂ ਨੂੰ ਲਗਾਇਆ ਗਿਆ ਹੈ। ਨੋਡਲ ਅਫ਼ਸਰਾਂ ਤੋਂ ਇਲਾਵਾ ਸਬ-ਡਿਵੀਜ਼ਨ ਵਾਈਜ਼ ਕਲੱਸਟਰ ਅਫ਼ਸਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਉਕਤ ਤੋਂ ਇਲਾਵਾ ਹੁਣ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਖੇਤਾਂ ਵਿੱਚ ਬਚੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਬੁਝਾਉਣ ਲਈ ਜਿ਼ਲ੍ਹਾ ਮੋਗਾ ਦੇ ਸਮੂਹ ਬਲਾਕਾਂ ਵਿੱਚ 6 ਮੈਂਬਰੀ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇਹ ਟੀਮਾਂ ਬਲਾਕ ਮੋਗਾ-1, ਮੋਗਾ-2, ਬਾਘਾਪੁਰਾਣਾ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਵਿਖੇ ਹਰ ਸਮੇਂ ਫੀਲਡ ਵਿੱਚ ਰਹਿਣਗੀਆਂ। ਪ੍ਰਤੀ ਇੱਕ ਟੀਮ ਵਿੱਚ ਖੇਤੀਬਾੜੀ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ, ਪੁਲਿਸ ਵਿਭਾਗ ਅਤੇ ਇੱਕ ਫਾਇਰ ਮੈਨ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ, ਕਟਾਈ ਤੋਂ ਬਾਅਦ ਬਚੀ ਹੋਈ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਅੱਗ ਲਗਾਈ ਜਾਂਦੀ ਹੈ, ਜਿਸਦੇ ਧੂੰਏ ਨਾਲ ਵਾਤਾਵਰਨ ਦੂਸਿ਼ਤ ਹੋ ਜਾਂਦਾ ਹੈ ਅਤੇ ਲੋਕਾਂ ਦੀ ਸਿਹਤ ਖਰਾਬ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਕਿਸਾਨ ਆਪਣੀ ਫ਼ਸਲ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜੀਹ ਦੇਣ। ਪਰਾਲੀ ਸਾੜਨ ਵਾਲੇ ਕਿਸਾਨਾਂ, ਸਰਕਾਰੀ ਮੁਲਾਜ਼ਮਾਂ, ਪੰਚਾਂ, ਸਰਪੰਚਾਂ ਆਦਿ ਕਿਸੇ ਨਾਲ ਵੀ ਲਿਹਾਜ ਨਹੀਂ ਕੀਤੀ ਜਾਵੇਗੀ, ਮਾਮਲਾ ਸਾਹਮਣੇ ਆਉਣ ਉਪਰ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਨਾ ਸਾੜਨ।





