ਸੰਕਲਪ ਪ੍ਰੋਗਰਾਮ’ਤਹਿਤ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ-ਏ.ਡੀ.ਸੀ. (ਜ)
ਸਵੈ-ਰੋਜ਼ਗਾਰ ਅਪਨਾਉਣ ਵਾਲੇ ਹੁਨਰਮੰਦ ਨੌਜਵਾਨਾਂ ਨੂੰ ਵੰਡੀਆਂ ਟੂਲ ਕਿੱਟਾਂ

ਮੋਗਾ, 3 ਅਗਸਤ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਭਾਰਤ ਸਰਕਾਰ ਦੇ ‘ਸੰਕਲਪ ਪ੍ਰੋਗਰਾਮ’ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੁਨਰਮੰਦ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਪ੍ਰਤੀ ਉਤਸ਼ਾਹਿਤ ਕਰਨ ਹਿੱਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਵੱਲੋਂ ਟੂਲ ਕਿੱਟਾਂ ਵੰਡੀਆਂ ਗਈਆਂ। ਇਸ ਵਿੱਚ ਵੈਲਡਰ, ਮੋਟਰ ਵਹੀਕਲ ਮਕੈਨਿਕ, ਟਰੈਕਟਰ ਮਕੈਨਿਕ, ਇਲੈਟ੍ਰੀਸ਼ੀਅਨ ਆਦਿ ਦੇ 13 ਉਮੀਦਵਾਰ ਸ਼ਾਮਿਲ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਵੈ-ਰੋਜ਼ਗਾਰ ਨੂੰ ਅਪਨਾਉਣ ਵਾਲੇ ਹੁਨਰਮੰਦ ਨੌਜਵਾਨ ਆਪਣੇ ਆਰਥਿਕ ਪੱਧਰ ਨੂੰ ਉਚਾ ਚੁੱਕਣ ਦੇ ਨਾਲ-ਨਾਲ ਜ਼ਿਲ੍ਹਾ ਦਾ ਆਰਥਿਕ ਪੱਧਰ ਵੀ ਉੱਚਾ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਦੇ ‘ਸੰਕਲਪ ਪ੍ਰੋਗਰਾਮ’ ਤਹਿਤ ਜ਼ਿਲ੍ਹਾ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਇਸ ਸਮੇਂ ਮੈਨੇਜਰ ਸਕਿੱਲ ਡਿਵੈਲਪਮੈਂਟ ਮਨਪ੍ਰੀਤ ਕੌਰ ਨੇ ਆਏ ਨੌਜਵਾਨਾਂ ਨੂੰ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਐਂਡ ਸਿੰਧ ਬੈਂਕ ਤੋਂ ਫਾਇਨੈਂਸ਼ੀਅਲ ਲਿਟਰੇਸੀ ਕੌਂਸਲਰ ਨਰੇਸ਼ ਕੁਮਾਰ ਨੇ ਬੈਂਕ ਲੋਨ ਦੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਨੌਜਵਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ। ਪੁਸ਼ਰਾਜ ਝਾਜਰਾ, ਜਸਵੀਰ ਸਿੰਘ ਤੋਂ ਇਲਾਵਾ ਬੱਧਨੀਂ ਕਲਾਂ ਸਕਿੱਲ ਸੈਂਟਰ ਤੋਂ ਫੈਸ਼ਨ ਡਿਜਾਇਨਿੰਗ ਦੀਆਂ ਲੜਕੀਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।
ਪ੍ਰੋਗਰਾਮ ਵਿੱਚ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕਿਆਂ ਬਾਰੇ ਚਰਚਾ ਕੀਤੀ ਗਈ। ਪ੍ਰੋਗਰਾਮ ਉਪਰੰਤ ਲੜਕੀਆਂ ਨੂੰ ਪੀ.ਐਸ.ਡੀ.ਐਮ. ਟੀਮ ਵੱਲੋਂ ਅਰਸੇਟੀ ਸੈਂਟਰ ਦੁੱਨੇਕੇ ਵਿਖੇ ਵਿਜਟ ਕਰਵਾਈ ਗਈ ਅਤੇ ਆਰਸੇਟੀ ਤਹਿਤ ਚੱਲ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।





