ਹੁਣ ਘਰ ਬੈਠੇ ਹੀ ਕੀਤਾ ਜਾ ਸਕਦੈ ਆਧਾਰ ਨੂੰ ਵੋਟਰ ਕਾਰਡ ਨਾਲ ਲਿੰਕ-ਜਿ਼ਲ੍ਹਾ ਚੋਣ ਅਫ਼ਸਰ
ਜਿ਼ਲ੍ਹਾ ਚੋਣ ਅਫ਼ਸਰ ਨੇ ਸਵੈ ਇੱਛਾ ਨਾਲ ਆਪਣੇ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਕੀਤੀ ਅਪੀਲ

ਮੋਗਾ, 31 ਜੁਲਾਈ ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਘਰ ਬੈਠੇ ਹੀ ਲਿੰਕ ਕਰ ਸਕਦਾ ਹੈ। ਲਿੰਕ ਕਰਨ ਲਈ ਨਵੇਂ ਵੋਟਰ ਆਪਣੀ ਰਜਿਸਟ੍ਰੇਸ਼ਨ ਸਮੇਂ ਫਾਰਮ ਨੰਬਰ 6 ਵਿੱਚ ਆਧਾਰ ਨੰਬਰ ਭਰਨ ਅਤੇ ਪਹਿਲਾਂ ਤੋਂ ਹੀ ਰਜਿਸਟਰਡ ਵੋਟਰ ਆਪਣਾ ਆਧਾਰ ਲਿੰਕ ਕਰਨ ਲਈ ਫਾਰਮ ਨੰਬਰ 6ਬੀ ਭਰਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਹ ਡਰਾਈਵਿੰਗ ਲਾਇਸੰਸ, ਮਨਰੇਗਾ ਜਾਬ ਕਾਰਡ, ਸਿਹਤ ਬੀਾਮ ਕਾਰਡ, ਬੈਂਕ/ਡਾਕਖਾਨੇ ਦੀ ਪਾਸਬੁੱਕ, ਸਰਵਿਸ ਸ਼ਨਾਖਤ ਕਾਰਡ, ਪੈਨ ਕਾਰਡ, ਫੋਟੋ ਦੇ ਨਾਲ ਪੈਨਸ਼ਨ ਦਸਤਾਵੇਜ਼, ਅਧਿਕਾਰਤ ਸ਼ਨਾਖਤੀ ਕਾਰਡ, ਭਾਰਤੀ ਪਾਸਪੋਰਟ, ਵਿਲੱਖਣ ਦਿਵਿਆਂਗਤਾ ਸਰਟੀਫਿਕੇਟ, ਸਮਾਰਟ ਕਾਰਡ (ਆਰ.ਜੀ.ਆਈ. ਦੁਆਰਾ ਐਨ.ਪੀ.ਆਰ. ਤਹਿਤ ਜਾਰੀ ਹੋਇਆ) ਵੀ ਜਮ੍ਹਾਂ ਕਰਵਾ ਸਕਦੇ ਹਨ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਧਾਰ ਕਾਰਡ ਨੂੰ ਘਰ ਬੈਠੇ ਹੀ ਵੋਟਰ ਕਾਰਡ ਨਾਲ ਲਿੰਕ ਕਰਨ ਲਈ voterportal.eci.gov.in ਜਾਂ ਵੋਟਰ ਹੈਲਪਲਾਈਨ ਐਪ `ਤੇ ਆਨਲਾਈਨ ਫਾਰਮ ਭਰਿਆ ਜਾ ਸਕਦਾ ਹੈ। ਦਸਤੀ ਫਾਰਮ ਭਰਨ ਲਈ ਬੂਥ ਲੈਵਲ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਜਿ਼ਲ੍ਹਾ ਚੋਣ ਅਫ਼ਸਰ ਨੂੰ ਮਿਲਿਆ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਆਧਾਰ ਕਾਰਡ ਨੂੰ ਵੋਟਰ ਨਾਲ ਲਿੰਕ ਕਰਨ ਦੀ ਮੁਹਿੰਮ 1 ਅਗਸਤ, 2022 ਤੋਂ ਸ਼ੁਰੂ ਹੋਵੇਗੀ ਹਰੇਕ ਵੋਟਰ ਸਵੈ ਇੱਛਾ ਅਨੁਸਾਰ ਆਪਣੇ ਵੋਟਰ ਕਾਰਡ ਨੂੰ ਆਪਣੇ ਆਧਾਰ ਕਾਰਡ ਨਾਲ ਲਿੰਕ ਕਰ ਸਕਦਾ ਹੈ।
ਜਿ਼ਲ੍ਹਾ ਚੋਣ ਅਫ਼ਸਰ ਨੇ ਮੋਗਾ ਜਿ਼ਲ੍ਹਾ ਦੇ ਯੋਗ ਵੋਟਰਾਂ ਨੂੰ ਅਪੀਲ ਕੀਤ ਕਿ ਉਹ ਆਪਣੇ ਵੋਟਰ ਕਾਰਡ ਨਾਲ ਆਪਣੇ ਆਧਾਰ ਕਾਰਡ ਨੂੰ ਸਵੈ ਇੱਛਾ ਨਾਲ ਜੋੜਨ।





