ਮੋਗਾ ਦੇ ਘੜਾ ਨਿਰਮਾਤਾਵਾਂ ਨੂੰ ਸਫੁਰਤੀ ਸਕੀਮ ਬਾਰੇ ਕੀਤਾ ਜਾਗਰੂਕ
ਨਵੀਨਤਾਕਾਰੀ ਉਤਪਾਦ ਬਣਾਉਣ ਲਈ ਸਫੁਰਤੀ ਸਕੀਮ ਤਹਿਤ ਲਈ ਜਾ ਸਕਦੀ ਵਿੱਤੀ ਸਹਾਇਤਾ-ਸੁਖਮਿੰਦਰ ਸਿੰਘ ਰੇਖੀ

ਮੋਗਾ, 11 ਜੂਨ,(ਚਰਨਜੀਤ ਸਿੰਘ) :ਜਿ਼ਲ੍ਹਾ ਉਦਯੋਗ ਕੇਂਦਰ, ਫੋਕਲ ਪੁਆਇੰਟ, ਮੋਗਾ ਵਿਖੇ ਜੀ.ਐਮ. ਡੀ.ਆਈ.ਸੀ. ਮੋਗਾ ਸ੍ਰੀ ਸੁਖਮਿੰਦਰ ਸਿੰਘ ਰੇਖੀ ਵੱਲੋਂ ਜਿ਼ਲ੍ਹਾ ਮੋਗਾ ਦੇ ਘੜਾ ਨਿਰਮਾਤਾਵਾਂ ਨਾਲ ਜਾਗਰੂਕਤਾ ਕੈਂਪ-ਕਮ-ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਵਿੱਚ 60 ਦੇ ਕਰੀਬ ਘੜਾ ਨਿਰਮਾਤਾਵਾਂ ਨੇ ਭਾਗ ਲਿਆ।ਇਸ ਮੀਟਿੰਗ ਨੂੰ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਬਲਾਕ ਐਕਸਟੈਨਸ਼ਨ ਅਫ਼ਸਰ ਨਿਰਮਲ ਸਿੰਘ, ਸਚਿਨ ਬਾਂਸਲ ਅਤੇ ਕਰਨਵੀਰ ਕੌਰ ਨਾਲ ਮਿਲ ਕੇ ਸੰਬੋਧਨ ਕੀਤਾ। ਇਹ ਸਾਰਾ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਕਰਵਾਇਆ ਗਿਆ
ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਟੇਕ ਹੋਲਡਰਾਂ ਨੂੰ ਉਦਯਮ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ ਪੀ.ਐਮ.ਈ.ਜੀ.ਪੀ. (ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ) ਬਾਰੇ ਵੀ ਜਾਣੂੰ ਕਰਵਾਇਆ ਗਿਆ, ਜਿਸ ਦੇ ਤਹਿਤ ਹਰੇਕ ਘੜਾ ਨਿਰਮਾਤਾਵਾਂ ਨੂੰ ਕਲੱਸਟਰ ਦੇ ਰੂਪ ਵਿੱਚ ਸਫੁਰਤੀ, ਰਵਾਇਤੀ ਉਦਯੋਗਾਂ ਦੇ ਪੁਨਰਜਨਮ ਸਕੀਮ ਦੇ ਤਹਿਤ ਭਾਰੀ ਸਬਸਿਡੀ ਉੱਪਰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਹ ਸਬਸਿਡੀ 25-35 ਫੀਸਦੀ ਤੱਕ ਹੋ ਸਕਦੀ ਹੈ।
ਇਸ ਸਕੀਮ ਦੇ ਅਨੁਸਾਰ ਘੱਟੋ-ਘੱਟ 100 ਵਿਅਕਤੀਆਂ (500 ਵਿਅਕਤੀਆਂ ਤੱਕ) ਦਾ ਇੱਕ ਕਲੱਸਟਰ 2.5 ਕਰੋੜ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਲਾਭ ਲੈ ਸਕਦਾ ਹੈ ਅਤੇ 500 ਤੋਂ ਵੱਧ ਵਿਅਕਤੀ 5 ਕਰੋੜ ਰੁਪਏ ਦੀ ਗ੍ਰਾਂਟ ਜਾਂ ਕੁੱਲ ਪ੍ਰੋਜੈਕਟ ਲਾਗਤ ਦਾ 90 ਫ਼ੀਸਦੀ, ਜੋ ਵੀ ਘੱਟ ਹੋਵੇ, ਪ੍ਰਾਪਤ ਕਰ ਸਕਦਾ ਹਨ।
ਮਿੱਟੀ ਦੇ ਪਾਣੀ ਦੀਆਂ ਟੈਂਕੀਆਂ ਜੋ ਮੌਸਮ ਦੇ ਅਨੁਸਾਰ ਪਾਣੀ ਦੇ ਤਾਪਮਾਨ ਨੂੰ ਨਿਯੰਤਰਿਤ ਕਰ ਸਕਦੀਆਂ ਹਨ, ਵਰਗੀਆਂ ਵੱਖ-ਵੱਖ ਨਵੀਨਤਾਕਾਰੀ ਚੀਜ਼ਾਂ ਬਣਾਉਣ ਬਾਰੇ ਘੜਾ ਨਿਰਮਾਤਾਵਾਂ ਨਾਲ ਸੰਖੇਪ ਚਰਚਾ ਕੀਤੀ ਗਈ। ਕੂਲਰ ਦੇ ਅੰਦਰ ਪਾਣੀ ਨੂੰ ਠੰਡਾ ਕਰਨ ਲਈ ਏਅਰ ਕੂਲਰ ਲਈ ਮਿੱਟੀ ਦਾ ਸਟੈਂਡ ਬਣਾਉਣ ਲਈ ਵੀ ਖਾਸ ਨੁਕਤੇ ਵਿਚਾਰੇ ਗਏ।
ਸ੍ਰ. ਸੁਖਮਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਇਸ ਸਿੱਟੇ `ਤੇ ਸਮਾਪਤ ਹੋਈ ਕਿ ਜਲਦੀ ਤੋਂ ਜਲਦੀ ਇੱਕ ਐਸ.ਪੀ.ਵੀ ਦਾ ਗਠਨ ਕੀਤਾ ਜਾਵੇਗਾ ਅਤੇ ਸੁਸਾਇਟੀ ਐਕਟ ਅਧੀਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ।




