ਅਮਰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਸੁਸਾਇਟੀ ਵੱਲੋਂ ਖੂਨਦਾਨ ਕੈਂਪ 22 ਮਾਰਚ ਨੂੰ

ਫਰੀਦਕੋਟ 20 ਮਾਰਚ ( ਗੁਰਪ੍ਰੀਤ ਸਿੰਘ ਪੱਕਾ) ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੂਸਰਾ ਖੂਨਦਾਨ ਕੈਂਪ 22 ਮਾਰਚ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਲੋਕ ਹਿੱਤ ਵਿੱਚ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਿਆ ਜਾ ਰਿਹਾ ਹੈ, ਉਨ੍ਹਾਂ ਦੇ ਪਿਤਾ ਵੀ ਸਮਾਜ ਸੇਵਾ ਨੂੰ ਪਹਿਲ ਦਿੰਦੇ ਰਹੇ ਹਨ, ਹੁਣ ਉਹ ਖੁਦ ਵੀ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ।ਖੂਨ ਦਾ ਇੱਕ ਯੂਨਿਟ ਕਿਸੇ ਦੀ ਅਨਮੋਲ ਜਾਨ ਬਚਾ ਸਕਦਾ ਹੈ, ਅਜਿਹੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਅੱਗੇ ਆਉਣ ਅਤੇ 22 ਮਾਰਚ ਨੂੰ ਮੈਡੀਕਲ ਕਾਲਜ ਹਸਪਤਾਲ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਖੂਨਦਾਨ ਕਰਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਸ਼ੇਖ ਫ਼ਰੀਦ ਵੋਕੇਸ਼ਨਲ ਸੈਂਟਰ ਵਿੱਚ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਜੀਵਨ ਵਿੱਚ ਸਫ਼ਲਤਾ ਹਾਸਲ ਕਰ ਸਕਣ।ਇਸ ਮੌਕੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਾਜੀ ਦਿਲਾਵਰ ਹੁਸੈਨ, ਸਹਾਰਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ, ਐਡਵੋਕੇਟ ਰਾਜਵਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ, ਜਿਨ੍ਹਾਂ ਖੂਨਦਾਨ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ |





