ਸਮੂਹ ਜਿ਼ਲ੍ਹਿਆਂ ਵਿੱਚ ਸਪੋਰਟਸ ਵਿੰਗ ਸਕੂਲ ਸਥਾਪਿਤ ਕਰਨ ਲਈ ਸਿਲੈਕਸ਼ਨ ਟਰਾਇਲ 27 ਤੋਂ 28 ਮਈ ਤੱਕ
ਮੋਗਾ ਨਾਲ ਸਬੰਧਤ ਖਿਡਾਰੀਆਂ ਦੇ ਟਰਾਇਲ ਸਥਾਨਕ ਗੁਰੂ ਨਾਨਕ ਕਾਲਜ ਵਿੱਚ ਹੋਣਗੇ ਆਯੋਜਿਤ-ਡਿਪਟੀ ਕਮਿਸ਼ਨਰ

ਮੋਗਾ, 21 ਮਈ ( Charanjit Singh ) ਖੇਡ ਵਿਭਾਗ ਪੰਜਾਬ ਵੱਲੋਂ 2022-23 ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਸਿਲੈਕਸ਼ਨ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਜਿ਼ਲ੍ਹਿਆਂ ਵਿੱਚ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) ਸਥਾਪਿਤ ਕਰਨ ਲਈ ਸਿਲੈਕਸ਼ਨ ਟਰਾਇਲ (ਉਮਰ ਵਰਗ ਅੰਡਰ 14,17,19) ਸਮੂਹ ਜਿ਼ਲ੍ਹਿਆਂ ਵਿੱਚ ਮਿਤੀ 27 ਤੋਂ 28 ਮਈ, 2022 (ਰੈਜੀਡੈਂਸ਼ੀਅਲ ਅਤੇ ਡੇ-ਸਕਾਲਰ) ਨੂੰ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਸਪੋਰਟਸ ਵਿੰਗ ਸਕੂਲ ਸਥਾਪਿਤ ਕਰਨ ਲਈ ਗੁਰੂ ਨਾਨਕ ਕਾਲਜ ਮੋਗਾ ਵਿੱਚ ਉਪਰੋਕਤ ਮਿਤੀਆਂ ਨੂੰ ਸਿਲੈਕਸ਼ਨ ਟਰਾਇਲ ਕਰਵਾਏ ਜਾ ਰਹੇ ਹਨ। ਇਹ ਸਿਲੈਕਸ਼ਨ ਟਰਾਇਲ ਫੁੱਟਬਾਲ, ਕੁਸ਼ਤੀ, ਐਥਲੈਟਿਕਸ ਅਤੇ ਵਾਲੀਬਾਲ ਖੇਡਾਂ ਲਈ ਹੋਣਗੇ।
ਉਨ੍ਹਾਂ ਦਸਿਆ ਕਿ ਜਿ਼ਲ੍ਹਾ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਵਿੱਚ ਦਾਖਲਾ ਲਈ ਖਿਡਾਰੀ ਵੱਲੋਂ ਜਿ਼ਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇੱਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਦੇ ਮੁਕਾਬਲਿਆਂ ਵਿੱੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ `ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਸਪੋਰਟਸ ਵਿੰੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 01.01.2009, ਅੰਡਰ-17 ਲਈ 01.01.2006 ਅਤੇ ਅੰਡਰ-19 ਲਈ 01.01.2004 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਰੈਜ਼ੀਡੈਂਸ਼ਲ ਖਿਡਾਰੀਆਂ ਨੂੰ 200 ਰੁਪਏ ਅਤੇ ਡੇ ਸਕਾਲਰ ਖਿਡਾਰੀਆਂ ਨੂੰ 100 ਰੁਪਏੇ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਜਿ਼ਲ੍ਹਾ ਮੋਗਾ ਦੇ ਖਿਡਾਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਖਿਡਾਰੀ ਉਪਰੋਕਤ ਦਰਸਾਈਆਂ ਮਿਤੀਆਂ ਨੂੰ ਸਬੰਧਤ ਟਰਾਇਲ ਸਥਾਨ ਉੱਤੇ ਸਵੇੇਰੇ 8 ਵਜੇ ਰਜਿਸਟ੍ਰੇਸ਼ਨ ਲਈ ਜਿ਼ਲ੍ਹਾ ਖੇਡ ਅਫ਼ਸਰ ਮੋਗਾ ਨੂੰ ਰਿਪੋਰਟ ਕਰਨ। ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਜਿ਼ਲ੍ਹਾ ਖੇਡ ਦਫ਼ਤਰਾਂ ਤੋਂ ਮੁਫ਼ਤ ਲਏ ਜਾ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸਟੇਟ ਸਕੂਲ ਆਫ਼ ਸਪੋਰਟਸ, ਜਲੰਧਰ ਵਿੱਚ ਐਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਫੁੱਟਬਾਲ, ਵਾਲੀਬਾਲ ਅਤੇ ਤੈਰਾਕੀ (ਉਮਰ ਵਰਗ ਅੰਡਰ 17 ਅਤੇ 19) (ਕੇਵਲ ਲੜਕੇ) ਲਈ 25 ਅਤੇ 26 ਮਈ,2022 ਨੂੰ ਟਰਾਇਲ ਹੋਣ ਜਾ ਰਹੇ ਹਨ, ਜਿਸ ਵਿੱਚ ਸਾਰੇ ਜਿ਼ਲ੍ਹਿਆਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀ ਵੱਲੋਂ ਜਿ਼ਲ੍ਹਾ ਪੱਧਰ/ਰਾਜ ਪੱਧਰ ਮੁਕਾਬਲਿਆਂ ਵਿੱਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਜਿ਼ਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਦੇ ਟਰਾਇਲਾਂ ਵਿੱਚ ਖਿਡਾਰੀ ਆਪਣੇ ਆਪਣੇ ਜਿ਼ਲ੍ਹਾ ਵਿੱਚ ਹੋ ਰਹੇ ਟਰਾਇਲਾਂ ਵਿੱੱਚ ਹੀ ਭਾਗ ਲੈਣਗੇ।
ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਮੋਗਾ ਦੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ।




