ਕੇਂਦਰੀ ਸੰਚਾਰ ਬਿਊਰੋ ਵੱਲੋਂ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ 23 ਅਗਸਤ ਤੋਂ
ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਇਨਫੋਗ੍ਰਾਫਿਕਸ ਰਾਹੀਂ ਪੇਸ਼ ਕੀਤਾ ਜਾਵੇਗਾ

ਮੋਗਾ, 22 ਅਗਸਤ (Charanjit Singh)ਕੇਂਦਰੀ ਸੰਚਾਰ ਬਿਊਰੋ, ਜਲੰਧਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਅੰਬੇਡਕਰ ਭਵਨ, ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਵਿਖੇ ਤਿੰਨ ਰੋਜ਼ਾ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਪ੍ਰਦਰਸ਼ਨੀ 23 ਤੋਂ 25 ਅਗਸਤ ਤੱਕ ਚੱਲੇਗੀ ਅਤੇ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ ਅਤੇ ਇਸ ਵਿੱਚ ਦਾਖਲਾ ਮੁਫ਼ਤ ਹੈ। ਇਹ ਪ੍ਰਦਰਸ਼ਨੀ ਜਿਸ ਨੂੰ ‘9 ਸਾਲ – ਸੇਵਾ, ਸੁਸ਼ਾਸਨ, ਗਰੀਬ ਕਲਿਆਣ’ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਨਾਂ ਦਿੱਤਾ ਗਿਆ ਹੈ, ਆਮ ਲੋਕਾਂ ਨਾਲ ਪਿਛਲੇ ਕੁਝ ਸਾਲਾਂ ਵਿਚ ਦੇਸ਼ ਦੀ ਤਰੱਕੀ ਅਤੇ ਪ੍ਰਾਪਤੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕਰੇਗੀ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅਨੀਤਾ ਦਰਸ਼ੀ ਨੇ ਇਸ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਾਲੇ ਵਿਭਾਗਾਂ ਦੀ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਇਹ ਪ੍ਰਦਰਸ਼ਨੀ ਲੋਕਾਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਦੇ ਮਕਸਦ ਨਾਲ ਲਗਾਈ ਜਾ ਰਹੀ ਹੈ। ਜਿਸ ਨੂੰ ਸਫਲ ਕਰਨ ਲਈ ਸਾਰੀਆਂ ਨੂੰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਕੇਂਦਰੀ ਸੰਚਾਰ ਬਿਊਰੋ ਦੇ ਖੇਤਰੀ ਪ੍ਰਚਾਰ ਅਧਿਕਾਰੀ ਸ਼੍ਰੀ ਰਾਜੇਸ਼ ਬਾਲੀ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਉਦਘਾਟਨ 23 ਅਗਸਤ ਨੂੰ ਸਵੇਰੇ 11.30 ਵਜੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਕਰਨਗੇ | ਇਨ੍ਹਾਂ ਤਿੰਨ ਦਿਨਾਂ ਦੌਰਾਨ ਸਕੂਲਾਂ ਦੇ ਡਰਾਇੰਗ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ। ਪ੍ਰਦਰਸ਼ਨੀ ਵਿੱਚ ਸਥਾਨਕ ਸਵੈ-ਸਹਾਇਤਾ ਸਮੂਹਾਂ ਵੱਲੋਂ ਆਪਣੇ ਸਟਾਲ ਵੀ ਲਗਾਏ ਜਾਣਗੇ, ਜਿੱਥੋਂ ਆਮ ਲੋਕ ਖਰੀਦਦਾਰੀ ਕਰ ਸਕਣਗੇ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਜ਼ਿਲ੍ਹਾ ਉਦਯੋਗ ਤੇ ਵਣਜ ਅਫ਼ਸਰ, ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਅਫ਼ਸਰ, ਲੀਡ ਬੈਂਕ ਮੈਨੇਜਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।





