ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਟ੍ਰੈਫਿਕ ਨਾਲ ਸਬੰਧਤ ਲਗਾਈਆਂ ਪਾਬੰਦੀਆਂ
ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਪੁਲ ਸੂਆ ਦੁੱਨੇਕੇ ਤੋਂ ਧਵਨ ਪੈਲੇਸ ਤੱਕ ਦੇ ਰੂਟ ਉੱਪਰ ਭਾਰੀ ਟ੍ਰੈਫਿਕ ਦੇ ਗੁਜ਼ਰਨ ’ਤੇ ਪਾਬੰਦੀ

ਮੋਗਾ, 9 ਮਾਰਚ ( Charanjit Singh ) ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੂੰ ਲਾਈਵ ਜਾਨਣ/ਨੇੜਿਓਂ ਵੇਖਣ ਦੀ ਉਤਸੁਕਤਾ ਲੈ ਕੇ ਕਾਫੀ ਗਿਣਤੀ ਵਿੱਚ ਦਰਸ਼ਕਾਂ ਦੇ ਕਾਊਟਿੰਗ ਏਰੀਆ ਦੇ ਨਜ਼ਦੀਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਅਰਬਨ ਏਰੀਏ ਵਿੱਚ ਪੈਂਦੇ ਨੈਸ਼ਨਲ ਹਾਈਵੇ ਉੱਪਰ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਹੋ ਸਕਦੀ ਹੈ।
ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 10 ਮਾਰਚ, 2022 ਨੂੰ ਟ੍ਰੈਫਿਕ ਨਾਲ ਸਬੰਧਤ ਕੁਝ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਇਨਾਂ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮਿਤੀ 10 ਮਾਰਚ 2022 ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਪੁਲ ਸੂਆ ਦੁੱਨੇਕੇ ਤੋਂ ਧਵਨ ਪੈਲੇਸ ਤੱਕ ਦੇ ਰੂਟ (ਨੈਸ਼ਨਲ ਹਾਈਵੇ-95) ਉੱਪਰ ਭਾਰੀ ਟ੍ਰੈਫਿਕ ਦੇ ਗੁਜ਼ਰਨ ’ਤੇ ਪਾਬੰਦੀ ਹੋਵੇਗੀ।
ਇਸ ਤੋਂ ਇਲਾਵਾ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਅਕਾਲਸਰ ਚੌਂਕ ਮੋਗਾ ਤੋਂ ਧਵਨ ਪੈਲੇਸ ਚੌਂਕ ਤੱਕ (1.5 ਕਿਲੋਮੀਟਰ ਏਰੀਆ) ਦੇ ਰੂਟ ਉੱਪਰ ਆਮ ਟ੍ਰੈਫਿਕ ਦੇ ਗੁਜਰਨ ’ਤੇ ਪਾਬੰਦੀ ਹੋਵੇਗੀ। ਪਬਲਿਕ ਟਰਾਂਸਪੋਰਟ ਨੂੰ ਵੀ ਵਾਇਆ ਲੁਹਾਰਾ-ਚੌਂਕ ਰਾਹੀਂ ਸ਼ਹਿਰ ਦੇ ਅੰਦਰ ਦਾਖਲ ਹੋਣ ਜਾਂ ਸ਼ਹਿਰ ਤੋਂ ਬਾਹਰ ਜਾਣ ਦੀ ਆਗਿਆ ਹੋਵੇਗੀ।






