ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਨਾਲ ਵਿਸ਼ੇਸ ਮੀਟਿੰਗ
ਕਿਹਾ ਹਰ ਬਲਾਕ ਪੱਧਰ ਤੇ ਜਾਗਰੂਕਤਾ ਜ਼ਰੂਰੀ

ਮੋਗਾ, 8 ਨਵੰਬਰ :
ਸਿਹਤ ਵਿਭਾਗ ਮੋਗਾ ਵੱਲੋਂ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮਨਾਇਆ ਗਿਆ। ਇਸ ਤਹਿਤ ਮੋਗਾ ਦੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਵੱਲੋਂ ਕੈਂਸਰ ਤੋਂ ਬਚਾਅ ਲਈ ਇਕ ਜਾਗਰੂਕਤਾ ਸੁਨੇਹਾ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ਼ ਵਿਸ਼ੇਸ਼ ਮੀਟਿੰਗ ਕੀਤੀ।
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਸਹਾਇਤਾ ਤਹਿਤ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਕੈਂਸਰ ਦੇ ਰੋਗੀਆਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਕੈਂਸਰ ਤੋਂ ਪੀੜਤ ਵਿਅਕਤੀ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਉਸ ਵੱਲੋਂ ਇਲਾਜ ਕਰਵਾਏ ਜਾ ਰਹੇ ਹਸਪਤਾਲ ਦੇ ਖਾਤੇ ਵਿੱਚ ਜਮ੍ਹਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਜੂਨ, 2011 ਵਿੱਚ ਸ਼ੁਰੂ ਹੋਈ ਸੀ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੀ ਜਾਣਕਾਰੀ ਲਈ ਵਿਅਕਤੀ ਟੋਲ ਫਰੀ ਮੈਡੀਕਲ ਹੈਲਪਲਾਈਨ ਨੰਬਰ 104 ਡਾਇਲ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਛਾਤੀ ਵਿੱਚ ਹੋਣ ਵਾਲੀਆਂ ਗਿਲਟੀਆਂ, ਮਾਹਵਾਰੀ ਬੰਦ ਹੋਣ ਤੋਂ ਬਾਅਦ ਖ਼ੂਨ ਜ਼ਿਆਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਭੁੱਖ ਨਾ ਲੱਗਣਾ ਅਤੇ ਲਗਾਤਾਰ ਵਜ਼ਨ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਓ ਆਉਣਾ, ਬਿਨਾਂ ਕਾਰਨ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣ ਉੱਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਲੜਕੀ ਦਾ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਨਾ ਚਾਹੀਦਾ, ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਆਉਣਾ ਚਾਹੀਦਾ ਹੈ, ਔਰਤਾਂ ਦਾ ਪਹਿਲਾ ਬੱਚਾ ਵੱਡੀ ਉਮਰ ਵਿੱਚ ਹੋਣਾ ਚਾਹੀਦਾ ਹੈ, ਖਾਣ ਵਾਲੀਆਂ ਚੀਜ਼ਾਂ ‘ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਓ ਕਰਨ ਤੋਂ ਗੁਰੇਜ਼, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਨਾ ਕਰਨਾ ਅਤੇ ਪਰਿਵਾਰ ਵਿੱਚ ਕਿਸੇ ਜੀਅ ਨੂੰ ਜੇਕਰ ਕੈਂਸਰ ਹੋਵੇ ਤਾਂ ਸਬੰਧਤ ਪਰਿਵਾਰ ਮੈਂਬਰ ਨੂੰ ਸਮੇਂ ਸਮੇਂ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਕੈਂਸਰ ਸਬੰਧੀ ਬਚਾਓ ਦੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਅਤੇ ਵਿਅਖਤੀ ਵੱਲੋਂ ਤੰਬਾਕੂ, ਬੀੜੀ-ਸਿਗਰੇਟ ਅਤੇ ਸ਼ਰਾਬ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 35 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਜਿਲ੍ਹਾ ਟੀਬੀ ਅਫ਼ਸਰ ਡਾ. ਗੌਰਵਪ੍ਰੀਤ ਸੋਢੀ, ਸਹਾਇਕ ਸਿਵਲ ਸਰਜਨ ਡਾਕਟਰ ਡੀ ਪੀ ਸਿੰਘ ਵੀ ਹਾਜਰ,ਜਿਲਾ ਪ੍ਰੋਗਰਾਮ ਮੈਨੇਜਰ ਪਰਵੀਨ ਸ਼ਰਮਾ ਅਤੇ, ਮਾਸ ਮੀਡੀਆ ਵਿੰਗ ਤੋਂ ਅੰਮ੍ਰਿਤ ਪਾਲ ਸ਼ਰਮਾ ਵੀ ਹਾਜ਼ਰ ਸਨ।




