ਸਿਵਲ ਸਰਜਨ ਨੇ ਨਿੱਕੇ ਬੱਚਿਆਂ ਨੂੰ ਬੂੰਦਾ ਪਿਲਾ ਕੇ ਕੀਤੀ ਪੋਲੀਓ ਰੋਕੂ ਮੁਹਿੰਮ ਦੀ ਸ਼ੁਰੂਆਤ
ਕੋਈ ਵੀ ਬੱਚਾ ਪੋਲੀਓ ਬੂੰਦਾ ਤੋ ਵਾਂਝਾ ਨਹੀ ਰਹੇਗਾ - ਸਿਵਲ ਸਰਜਨ

ਮੋਗਾ, 10 ਦਸੰਬਰ(Charanjit Singh): – ਜ਼ਿਲ੍ਹਾ ਮੋਗਾ ਵਿੱਚ ਸੂਰਜ ਦੀ ਪਹਿਲੀ ਕਿਰਨ ਭਾਵ ਦਿਨ ਚੜਦੇ ਹੀ ਪੋਲੀਓ ਰੋਕੂ ਮੁਹਿੰਮ ਦਾ ਅਗਾਜ ਕੀਤਾ ਗਿਆ। ਮੋਗਾ ਦੇ ਮੁੱਖ ਬੱਸ ਸਟੈਂਡ ਤੇ ਬਣੇ ਬੂਥ ਉਪਰ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਨਿੱਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਹ ਮੁਹਿੰਮ 10 ਦਸੰਬਰ ਤੋਂ 12 ਦਸੰਬਰ, 2023 ਤੱਕ ਜਾਰੀ ਰਹੇਗੀ। ਤਿੰਨ ਦਿਨ ਤੱਕ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਮੋਗਾ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਹਨਾਂ ਵਿੱਚ ਜ਼ਿਲ੍ਹਾ ਮੋਗਾ ਦੇ 1,07,115 ਬੱਚੇ ਵੀ ਸ਼ਾਮਿਲ ਹਨ। ਮਿਤੀ 10 ਦਸੰਬਰ ਨੂੰ ਥਾਂ ਥਾਂ ਉੱਪਰ ਬੂਥ ਸਥਾਪਤ ਕਰਕੇ ਬੂੰਦਾਂ ਪਿਲਾਈਆਂ ਗਈਆਂ ਜਦਕਿ 11 ਅਤੇ 12 ਦਸੰਬਰ ਨੂੰ ਘਰ ਘਰ ਜਾ ਕੇ ਕਵਰ ਕੀਤਾ ਜਾਵੇਗਾ।
ਡਾਕਟਰ ਅੱਤਰੀ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਦਾ ਭਰਪੂਰ ਲਾਹਾ ਲੈਣ ਤਾਂ ਜੋ ਕੋਈ ਵੀ ਬੱਚਾ ਇਹ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਉਹਨਾਂ ਸਮੂਹ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣਾ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਟੀਚੇ ਨੂੰ ਪੂਰਾ ਕਰਨ ਲਈ 417 ਬੂਥ ਲਗਾਏ ਗਏ ਹਨ। ਇਸ ਤੋਂ ਇਲਾਵਾ ਘਰ ਘਰ ਜਾ ਕੇ ਬੂੰਦਾਂ ਪਿਲਾਉਣ ਲਈ 654 ਟੀਮਾਂ, 21 ਮੋਬਾਈਲ ਟੀਮਾਂ, 16 ਟਰਾਂਜ਼ਿਟ ਟੀਮਾਂ ਬਣਾਈਆਂ ਗਈਆਂ ਹਨ। ਇਸ ਕੰਮ ਨੂੰ 1915 ਵੈਕਸੀਨੇਟਰਾਂ ਵੱਲੋਂ ਸਿਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਸੋਸ਼ਲ ਵੈਲਫੇਅਰ ਕਲੱਬ ਰਜਿ ਮੋਗਾ ਦੇ ਸਹਿਜੋਗ ਨਾਲ ਬੂਥ ਨਾਲ ਓ ਪੀ ਕੁਮਾਰ ਪ੍ਰਧਾਨ, ਵਿਸ਼ਵ ਗਰੋਵਰ, ਗਗਨਦੀਪ ਸਿੰਘ, ਅਸ਼ੋਕ ਅਗਰਵਾਲ, ਲਕਸ਼ਮੀ ਚੰਦਰ, ਮੰਗਤ ਰਾਮ ਸ਼ਰਮਾ, ਨੇਹਾ ਚੌਧਰੀ ਪਿਰਮਿਲਾ ਫਾਉਡੇਸ਼ਨ , ਸ਼ਗਨ ਸ਼ਿੰਦੇ, ਜਾਗਰੂਕਤਾ ਰੈਲੀ ਦੌਰਾਨ, ਡਾਕਟਰ ਸੁਖਪ੍ਰੀਤ ਬਰਾੜ ਸੀਨਿਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ਼ ਮੋਗਾ, ਡਾਕਟਰ ਜੀ ਪੀ ਸੋਢੀ ਜ਼ਿਲ੍ਹਾ ਟੀ ਬੀ ਅਫ਼ਸਰ , ਡਾਕਟਰ ਅਜੇ ਖੁਰਾਣਾ , ਹਰਜੀਤ ਸਿੰਘ , ਅੰਮ੍ਰਿਤ ਸ਼ਰਮਾ, ਗੁਰਜੀਤ ਕੌਰ ਵੀ ਹਾਜ਼ਿਰ ਸਨ।





