ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਜ਼ਿਲ੍ਹਾ ਰੋਜ਼ਗਰ ਦਫ਼ਤਰ ਹੁਣ ਨਕਲੀ ਟ੍ਰੈਵਲ ਏਜੰਟਾਂ ਨੂੰ ਪਾਉਣਗੇ ਨੱਥ
ਟ੍ਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਰੋਜ਼ਗਾਰ ਦਫ਼ਤਰ ਵਿਖੇ ਕਰਵਾ ਸਕਣਗੇ ਸ਼ਿਕਾਇਤ ਦਰਜ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਮੋਗਾ, 11 ਅਕਤੂਬਰ(Charanjit Singh):-
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਮੋਗਾ ਵਿਖੇ ਵਿਦੇਸ਼ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਸਹੂਲਤ ਲਈ ਵਿਦੇਸ਼ੀ ਸਿੱਖਿਆ ਅਤੇ ਕਾਊਂਸਲਿੰਗ ਲਈ ਪਲੇਸਮੈਂਟ ਸੈੱਲ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਸਹੀ ਸੇਧ ਮਿਲ ਸਕੇ ਅਤੇ ਉਨ੍ਹਾਂ ਨੂੰ ਨਕਲੀ ਟ੍ਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਸਿਖਲਾਈ ਅਤੇ ਹੁਨਰ ਵਿਕਾਸ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ ਯਾਤਰਾ, ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਸਬੰਧੀ ਹੁੰਦੀ ਧੋਖਾਧੜੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮਗਲਿੰਗ ਐਕਟ 2012, ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ 2014 ਰਾਹੀਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਨੂੰ ਨੋਡਲ ਪੁਆਇੰਟ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਊਰੋ ਵਿਖੇ ਰਜਿਸਟਰਡ ਅਤੇ ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਵਿਦੇਸ਼ ਯਾਤਰਾ ਨੂੰ ਲੈ ਕੇ ਧੋਖੇ ਦਾ ਸ਼ਿਕਾਰ ਹੋਇਆ ਕੋਈ ਵੀ ਵਿਅਕਤੀ ਆਪਣੀ ਲਿਖਤੀ ਸ਼ਿਕਾਇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਦਫ਼ਤਰ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜ਼ਪੁਰ ਰੋਡ, ਮੋਗਾ ਤੀਸਰੀ ਮੰਜ਼ਿਲ ਤੇ ਸਥਿਤ ਹੈ, ਵਿਖੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਿਕਾਇਤਕਰਤਾ ਆਪਣੇ ਯੋਗ ਪਹਿਚਾਣ ਪੱਤਰ ਅਤੇ ਦਸਤਾਵੇਜ਼ਾਂ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਵੀ ਬਿਨ੍ਹਾਂ ਲਾਇਸੰਸ, ਮਿਆਦ ਪੁਗਾ ਚੁੱਕਾ ਜਾਂ ਅਣ-ਰਜਿਸਟਰਡ, ਟ੍ਰੈਵਲ ਏਜੰਟ, ਨੋਡਲ ਪੁਆਇੰਟ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਖਿਲਾਫ਼ ਡਿਪਟੀ ਕਮਿਸ਼ਨਰ ਮੋਗਾ ਅਤੇ ਪੁਲਿਸ ਵਿਭਾਗ ਵੱਲੋਂ ਤੁਰੰਤ ਕਾਰਵਾਈ ਤਹਿਤ ਐਫ.ਆਈ.ਆਰ. ਦਰਜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਟ੍ਰੈਵਲ ਏਜੰਟ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈੱਬਸਾਈਟ ਤੇ ਪਾ ਦਿੱਤੀ ਜਾਵੇਗੀ ਤਾਂ ਜੋ ਇਸ ਸਬੰਧੀ ਹੋਰਨਾਂ ਨੂੰ ਜਾਗਰੂਕ ਕੀਤਾ ਜਾ ਸਕੇ।




