ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਸੂਬੇ ਭਰ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗਾ – ਚੇਅਰਮੈਨ ਕੰਵਰਦੀਪ ਸਿੰਘ
ਕਿਹਾ, ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵ ਤੋਂ ਬਚਾਉਣ ਦੀ ਲੋੜ ਹੈ

ਮੋਗਾ, 3 ਨਵੰਬਰ (Charanjit Singh) –
ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਜਲਦ ਹੀ ਸੂਬੇ ਭਰ ਵਿੱਚ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ ਅਧਿਆਪਕਾਂ, ਮਾਪਿਆਂ ਅਤੇ ਆਮ ਲੋਕਾਂ ਨੂੰ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਹਰੇਕ ਪਹਿਲੂ ਬਾਰੇ ਜਾਣੂ ਕਰਾਇਆ ਜਾਵੇਗਾ। ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਮੋਗਾ ਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰ ਕੰਵਰਦੀਪ ਸਿੰਘ ਨੇ ਅੱਜ ਸਥਾਨਕ ਆਈ ਐਸ ਐਫ ਕਾਲਜ ਆਫ ਫਾਰਮੇਸੀ ਵਿਖੇ ਇਕ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜ਼ਮੀਨੀ ਪੱਧਰ ਉੱਤੇ ਜਾ ਕੇ ਇਹ ਮੁਹਿੰਮ ਵਿੱਢਣ ਦਾ ਉਪਰਾਲਾ ਕੀਤਾ ਹੈ। ਇਸ ਜਾਗਰੂਕਤਾ ਮੁਹਿੰਮ ਦੌਰਾਨ ਪੌਕਸੋ ਐਕਟ, ਜੁਵੈਨਿਲ ਜਸਟਿਸ ਐਕਟ, ਬਾਲ ਵਿਆਹ ਕਾਨੂੰਨ, ਸਿੱਖਿਆ ਦਾ ਅਧਿਕਾਰ ਕਾਨੂੰਨ, ਸੇਫ ਵਾਹਨ ਸਕੀਮ, ਸਾਈਬਰ ਕ੍ਰਾਈਮ ਅਤੇ ਹੋਰ ਪਹਿਲੂਆਂ ਬਾਰੇ ਜਾਗਰੂਕਤਾ ਫੈਲਾਉਣਾ ਪ੍ਰਮੁੱਖਤਾ ਰਹੇਗੀ। ਇਸ ਮੁਹਿੰਮ ਲਈ ਕਮਿਸ਼ਨ ਵੱਲੋਂ ਰਿਸੋਰਸ ਪਰਸਨ ਤਿਆਰ ਕੀਤੇ ਗਏ ਹਨ, ਜੋ ਕਿ ਮਾਸਟਰ ਟ੍ਰੇਨਰ ਤਿਆਰ ਕਰਨਗੇ। ਉਹ ਅੱਗੇ ਸਕੂਲਾਂ ਵਿੱਚ ਜਾ ਕੇ ਟ੍ਰੇਨਿੰਗ ਦੇਣਗੇ।
ਉਹਨਾਂ ਦੱਸਿਆ ਕਿ ਬੱਚੇ ਸਾਡੇ ਦੇਸ਼ ਦੀ ਧਰੋਹਰ ਹਨ, ਜਿਸ ਕਰਕੇ ਬੱਚਿਆਂ ਦੀ ਹਰ ਤਰ੍ਹਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਬੱਚਿਆਂ ਨਾਲ ਜੁੜੇ ਹਰ ਮੁੱਦੇ ਨੂੰ ਸੁਲਝਾਉਣ ਲਈ ਕਮਿਸ਼ਨ ਹਮੇਸ਼ਾਂ ਨਾਲ ਹੈ। ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਅੱਜ ਸਾਡੇ ਆਲੇ ਦੁਆਲੇ ਹਜ਼ਾਰਾਂ ਬੱਚੇ ਅਜਿਹੇ ਹਨ, ਜੋ ਵੱਖ ਵੱਖ ਕਾਰਨਾਂ ਕਰਕੇ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਹਨ। ਅਜਿਹੇ ਬੱਚਿਆਂ ਨੂੰ ਪ੍ਰੇਰ ਕੇ ਸਕੂਲਾਂ ਤੱਕ ਲਿਆਉਣਾ ਚਾਹੀਦਾ ਹੈ। ਜੋ ਗਰੀਬ ਬੱਚੇ ਪੜ੍ਹ ਰਹੇ ਹਨ, ਉਹਨਾਂ ਦੀ ਉਚੇਰੀ ਪੜ੍ਹਾਈ ਲਈ ਸਹਾਇਤਾ ਕਰਨੀ ਚਾਹੀਦੀ ਹੈ। ਜੇਕਰ ਕੋਈ ਬੱਚਾ ਅਣਜਾਣਪੁਣੇ ਵਿੱਚ ਕੋਈ ਗਲਤੀ ਜਾਂ ਅਪਰਾਧ ਕਰ ਬੈਠਦਾ ਹੈ ਤਾਂ ਉਸਨੂੰ ਸਜ਼ਾ ਦੇਣ ਦੀ ਬਿਜਾਏ, ਉਸਦੀ ਕਾਊਂਸਲਿੰਗ ਕਰਕੇ ਉਸਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਦੇ ਨਿੱਜੀ ਯਤਨ ਹਜ਼ਾਰਾਂ ਬੱਚਿਆਂ ਦਾ ਜੀਵਨ ਬਦਲ ਸਕਦੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ਉੱਤੇ ਆਏ ਰਿਸੋਰਸ ਪਰਸਨ ਸੋਮਾਸ਼੍ਰੀ ਨੇ ਜ਼ੋਰ ਦਿੱਤਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵ ਤੋਂ ਬਚਾਉਣ ਦੀ ਬਹੁਤ ਵੱਡੀ ਲੋੜ ਹੈ। ਪੋਕਸੋ ਐਕਟ, ਸਾਈਬਰ ਕ੍ਰਾਈਮ ਅਤੇ ਇਨਫੋਰਮੇਸ਼ਨ ਐਕਟ ਬਾਰੇ ਹਰੇਕ ਵਿਅਕਤੀ ਅਤੇ ਬੱਚਾ ਜਾਣੂ ਹੋਣਾ ਚਾਹੀਦਾ ਹੈ। ਜਦੋਂ ਬੱਚੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਤਾਂ ਉਸ ਵੇਲੇ ਮਾਪਿਆਂ ਜਾਂ ਅਧਿਆਪਕਾਂ ਦੀ ਸੁਪਰਵੀਜ਼ਨ ਹੋਣੀ ਲਾਜ਼ਮੀ ਹੈ। ਇਸ ਦੇ ਨਾਲ ਇਹ ਵੀ ਜਰੂਰੀ ਹੈ ਕਿ ਬੱਚਿਆਂ ਦੀ ਨਿਜ਼ਤਾ ਦਾ ਵੀ ਖਿਆਲ ਰੱਖਿਆ ਜਾਵੇ। ਜੇਕਰ ਕੋਈ ਵੀ ਘਟਨਾ ਬੱਚਿਆਂ ਨਾਲ ਸਬੰਧਤ ਹੁੰਦੀ ਹੈ ਤਾਂ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 ਉੱਤੇ ਸੂਚਿਤ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਭਰੋਸਾ ਦਿੱਤਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਅਣਗੌਲਿਆ ਨਹੀਂ ਜਾਵੇਗਾ। ਸਮਾਗਮ ਨੂੰ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਸ੍ਰ ਰਾਜਵਿੰਦਰ ਸਿੰਘ ਗਿੱਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।
ਇਸ ਸਮਾਗਮ ਵਿੱਚ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਸਕੂਲਾਂ ਤੋਂ ਪ੍ਰਿੰਸੀਪਲ, ਸਕੂਲ ਮੁਖੀ, ਬਲਾਕ ਪ੍ਰਾਇਮਰੀ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਹੋਰ ਅਧਿਆਪਕ ਸ਼ਾਮਿਲ ਹੋਏ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀਮਤੀ ਮਮਤਾ ਬਜਾਜ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ) ਸ਼੍ਰੀ ਵਿਨੋਦ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰ ਗੁਰਦਿਆਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ) ਸ੍ਰ ਨਿਸ਼ਾਨ ਸਿੰਘ, ਕਾਲਜ ਦੇ ਡਾਇਰੈਕਟਰ ਸ਼੍ਰੀ ਪਰਵੀਨ ਕੁਮਾਰ, ਸਹਾਇਕ ਡਾਇਰੈਕਟਰ ਸ੍ਰ ਹਰਪ੍ਰੀਤ ਸਿੰਘ ਅਤੇ ਸ਼੍ਰੀ ਪਰਦੀਪ ਛਾਬੜਾ ਅਤੇ ਹੋਰ ਹਾਜ਼ਰ ਸਨ।





