ਤਾਜ਼ਾ ਖਬਰਾਂ
ਡੀ ਏ ਪੀ ਦੇ ਬਦਲ ਦੇ ਤੌਰ ਤੇ ਹੋਰ ਖਾਦਾਂ ਦੀ ਉਪਲਬਧਤਾ ਬਾਰੇ ਕਿਸਾਨ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ – ਡਾਕਟਰ ਸੁਖਰਾਜ ਕੌਰ ਦਿਓਲ

ਮੋਗਾ, 2 ਨਵੰਬਰ (Charanjit Singh ) – ਝੋਨੇ ਦੀ ਕਟਾਈ ਦਾ ਕੰਮ ਮੁਕੰਮਲ ਹੋ ਜਾ ਰਿਹਾ ਅਤੇ ਅਗਲੇ ਹਫਤੇ ਤੋਂ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਕਣਕ ਦੀ ਬਿਜਾਈ ਲਈ ਫਾਸਫੋਰਸ ਤੱਤ ਦੀ ਜ਼ਰੂਰਤ ਹੁੰਦੀ ਹੈ । ਪਿਛਲੇ ਸਮੇਂ ਦੌਰਾਨ ਕਿਸਾਨਾਂ ਵੱਲੋਂ ਫ਼ਸਲਾਂ ਲਈ ਲੋੜੀਂਦਾ ਫਾਸਫੋਰਸ ਤੱਤਾਂ ਦੀ ਪੂਰਤੀ ਆਮ ਕਰਕੇ ਡੀ ਏ ਪੀ ਖਾਦ ਤੋਂ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਫਾਸਫੋਰਸ ਤੱਤ ਦੀ ਪੂਰਤੀ ਬਾਜ਼ਾਰ ਵਿਚ ਮੌਜੂਦ ਹੋਰ ਖਾਦਾਂ ਤੋਂ ਵੀ ਕੀਤੀ ਜਾ ਸਕਦੀ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਸੁਖਰਾਜ ਕੌਰ ਦਿਓਲ ਕਾਰਜਕਾਰੀ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡੀ ਏ ਪੀ ਦੀ ਦੇ ਬਦਲ ਦੇ ਤੌਰ ਤੇ ਬਾਜ਼ਾਰ ਵਿਚ ਹੋਰ ਬਹੁਤ ਖਾਦਾਂ ਹਨ ਜੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਡੀ ਏ ਪੀ ਖਾਦ ਜਿੰਨੀਆਂ ਹੀ ਕਾਰਗਰ ਹਨ। ਉਨ੍ਹਾਂ ਦੱਸਿਆ ਕਿ ਡੀ.ਏ.ਪੀ ਵਿਚੋਂ ਫ਼ਸਲ ਨੂੰ 18 ਫੀਸਦੀ ਨਾਈਟ੍ਰੋਜਨ ਅਤੇ ਅਤੇ 46 ਫੀਸਦੀ ਫਾਸਫੋਰਸ ਖੁਰਾਕੀ ਤੱਤ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡੀ ਏ ਪੀ ਖਾਦ ਦੇ ਬਦਲ ਵਜੋਂ ਬਾਜ਼ਾਰ ਵਿਚ ਹੋਰ ਖਾਦਾਂ ਜਿਵੇਂ ਟ੍ਰਿਪਲ ਸੁਪਰ ਫਾਸਫੇਟ,ਸਿੰਗਲ ਸੁਪਰ ਫਾਸਫੇਟ , ਕਿਸਾਨ ਖਾਦ ਉਪਲਬਧ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਮੋਗਾ ਵਿੱਚ ਹਾੜ੍ਹੀ ਦੌਰਾਨ ਤਕਰੀਬਨ ਇੱਕ ਲੱਖ 76 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਣੀ ਹੈ ਜਿਸ ਲਈ ਤਕਰੀਬਨ 25 ਹਜ਼ਾਰ ਮੀਟ੍ਰਿਕ ਟਨ ਫਾਸਫੈਟਿਕ ਖਾਦਾਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਡੀ ਏ ਪੀ ਖਾਦ ਦੇ ਬਦਲ ਵੱਜੋਂ ਕਿਸਾਨ ਖਾਦ ਅਤੇ ਟ੍ਰਿਪਲ ਸੁਪਰ ਫਾਸਫੇਟ ਖਾਦ ,ਸਿੰਗਲ ਸੁਪਰ ਫਾਸਫੇਟ ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।ਉਨ੍ਹਾਂ ਦੱਸਿਆ ਕਿ ਟ੍ਰਿਪਲ ਸਪਰ ਫਾਸਫੇਟ ਵਿੱਚ ਡੀ ਏ ਪੀ ਵਾਂਗੂ 46% ਫਾਸਫੋਰਸ ਤੱਤ ਹੁੰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਬੋਰੀ 1250/-ਰੁਪਏ ਹੈ ਜਦ ਕਿ ਡੀ ਏ ਪੀ ਦੀ ਕੀਮਤ ਪ੍ਰਤੀ ਬੈਗ 1350/- ਰੁਪਏ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਖਾਦ (12:32:16) ਦੀ ਵਰਤੋਂ ਵੀ ਡੀ ਏ ਪੀ ਦੇ ਬਦਲ ਵੱਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਬਿਜਾਈ ਸਮੇਂ ਡੇਢ ਬੋਰੀ ਕਿਸਾਨ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੈਟਿਕ ਖਾਦਾਂ ਵੀ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨ ਬੈਗ ਸਿੰਗਲ ਸੁਪਰ ਫਸਫੇਟ 16% ਪ੍ਰਤੀ ਏਕੜ ਵਰਤੇ ਜਾ ਸਕਦੇ ਹਨ ਜਿਸ ਦੀ ਕੀਮਤ ਪ੍ਰਤੀ ਬੋਰੀ 450/- ਹੈ ਅਤੇ ਇਸ ਵਿਚੋਂ ਸਲਫ਼ਰ ਤੱਤ ਵੀ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਣਕ ਦੀ ਬਿਜਾਈ ਲਈ ਟ੍ਰਿਪਲ ਸੁਪਰ ਫਸਫੇਟ ਖਾਦ ਜਾਂ ਸਿੰਗਲ ਸੁਪਰ ਫਸਫੇਟ ਖਾਦ ਵਰਤਣੀ ਹੋਵੇ ਤਾਂ ਕਣਕ ਦੀ ਬਿਜਾਈ ਸਮੇਂ 20 ਕਿਲੋ ਯੂਰੀਆ ਪ੍ਰਤੀ ਏਕੜ ਜ਼ਰੁਰ ਪਾਂ ਲੈਣੀ ਚਾਹੀਦੀ ਹੈ। ਇਹ ਖਾਦ ਫਸਲਾਂ ਲਈ ਡੀਏਪੀ ਨਾਲੋਂ ਵਧੀਆ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਿੰਗਲ ਸੁਪਰ ਫਸਫੇਟ ਵਿੱਚ 16 ਫੀਸਦੀ ਫਾਸਫੋਰਸ ਅਤੇ 11 ਫੀਸਦੀ ਸਲਫਰ ਪਾਇਆ ਜਾਂਦਾ ਹੈ। ਇਸ ਵਿੱਚ ਸਲਫ਼ਰ ਤੱਤ ਮੌਜੂਦ ਹੋਣ ਕਾਰਨ ਇਹ ਖਾਦ ਤੇਲ ਬੀਜਾਂ ਅਤੇ ਦਾਲਾਂ ਦੀਆਂ ਫ਼ਸਲਾਂ ਲਈ ਹੋਰ ਖਾਦਾਂ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੈ।
ਉਨ੍ਹਾਂ ਦੱਸਿਆ ਕਿ ਡੀ ਏ ਪੀ ਪ੍ਰਤੀ ਬੋਰੀ ਵਿੱਚ 23 ਕਿਲੋ ਫਾਸਫੋਰਸ ਅਤੇ 9 ਕਿਲੋ ਨਾਈਟ੍ਰੋਜਨ ਪਾਇਆ ਜਾਂਦਾ ਹੈ ਜਦ ਕਿ ਜੇਕਰ ਫਸਲਾਂ ਨੂੰ ਫਾਸਫੋਰਸ, ਨਾਈਟ੍ਰੋਜਨ ਅਤੇ ਸਲਫਰ ਦੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਡੀਏਪੀ ਅਤੇ ਸਲਫਰ ਦੇ ਬਦਲ ਵਜੋਂ ਐਸਐਸਪੀ ਅਤੇ ਯੂਰੀਆ ਦੀ ਵਰਤੋਂ ਕੀਤੀ ਜਾਵੇ ਤਾਂ ਡੀਏਪੀ ਅਤੇ ਸਲਫਰ ਨਾਲੋਂ ਘੱਟ ਕੀਮਤ ’ਤੇ ਵੱਧ ਨਾਈਟ੍ਰੋਜਨ, ਫਾਸਫੋਰਸ ਅਤੇ ਸਲਫਰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਡੀ.ਏ.ਪੀ ਦੀ ਬਜਾਏ ਟੀ ਐਸ ਪੀ,ਐਸ ਐਸ ਪੀ ਅਤੇ ਯੂਰੀਆ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ । ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਖਾਦ ਖਰੀਦਣ ਵਿੱਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੀ ਸਰਕਾਰੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ,ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ-ਫ੍ਰੀ ਟੈਲੀਫੋਨ ਨੰਬਰ – 18001801551 ‘ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
—




