ਸਿੱਖਿਆਤਾਜ਼ਾ ਖਬਰਾਂਤਾਜਾ ਖਬਰਾਂਰਾਜ
ਆਸ਼ੀਰਵਾਦ ਸਕੀਮ ਤਹਿਤ 403 ਲਾਭਪਾਤਰੀਆਂ ਨੂੰ ਮਿਲਿਆ 84.63 ਲੱਖ ਰੁਪਏ ਦਾ ਵਿੱਤੀ ਲਾਭ
ਮੋਗਾ ਦੇ 232 ਲਾਭਪਾਤਰੀਆਂ ਨੂੰ 1.18 ਕਰੋੜ ਰੁਪਏ ਦੀ ਰਾਸ਼ੀ ਜਲਦ ਹੀ ਹੋਵੇਗੀ ਜਾਰੀ-ਡਿਪਟੀ ਕਮਿਸ਼ਨਰ

ਮੋਗਾ, 1 ਦਸੰਬਰ(Charanjit Singh)ਪੰਜਾਬ ਸਰਕਾਰ ਵੱਲੋਂ ਆਪਣੀ ਸ਼ਗਨ ਸਕੀਮ (ਹੁਣ ਆਸ਼ੀਰਵਾਦ) ਤਹਿਤ ਗਰੀਬ, ਕਮਜ਼ੋਰ ਅਤੇ ਪਛੜੇ ਪਰਿਵਾਰਾਂ ਨੂੰ ਉਨ੍ਹਾਂ ਦੀ ਲੜਕੀ ਦੇ ਵਿਆਹ ਸਮੇਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਂਦਾ ਜਾ ਸਕੇ ਅਤੇ ਸੂਬੇ ਦੀਆਂ ਲੜਕੀਆਂ ਦਾ ਮਨੋਬਲ ਹੋਰ ਉੱਚਾ ਚੁੱਕਿਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਅੰਦਰ ਵੀ ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਪਰਿਵਾਰ ਦੀਆਂ 2 ਲੜਕੀਆਂ ਤੱਕ ਲਿਆ ਜਾ ਸਕਦਾ ਹੈ। ਬਿਨੈਕਾਰ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਪਰਿਵਾਰ ਦੀ ਸਾਲਾਨਾ ਆਦਮਨ 32,790 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਵਿਆਹ ਦੀ ਤਾਰੀਖ ਤੋਂ ਪਹਿਲਾਂ ਜਾਂ ਵਿਆਹ ਤੋਂ 30 ਦਿਨ ਬਾਅਦ ਤੱਕ ਆਪਣੀ ਦਰਖਾਸਤ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ ਦਫ਼ਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਮੋਗਾ ਵਿਖੇ ਜਮ੍ਹਾ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ 2017 ਤੋਂ ਇਸ ਸਕੀਮ ਤਹਿਤ 21 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਮੋਗਾ ਦੀ ਗੱਲ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਵਿੱਚ ਮਹੀਨਾ ਅਪ੍ਰੈਲ 2021 ਤੋਂ ਜੂਨ 2021 ਤੱਕ ਕੁੱਲ 403 ਲਾਭਪਾਤਰੀਆਂ ਨੂੰ ਪ੍ਰਤੀ ਲਾਭਪਾਤਰੀ 21 ਹਜ਼ਾਰ ਰੁਪਏ ਦੇ ਹਿਸਾਬ ਨਾਲ 84 ਲੱਖ 63 ਹਜ਼ਾਰ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਦੇ ਸਿੱਧੀ ਬੈਂਕ ਖਾਤੇ ਵਿੱਚ ਪਾਈ ਜਾ ਚੁੱਕੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਿੰਨ੍ਹਾਂ ਲੜਕੀਆਂ ਦੇ ਵਿਆਹ 01 ਜੁਲਾਈ 2021 ਤੋਂ ਬਾਅਦ ਹੋਏ ਹਨ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਪਰਿਵਾਰਾਂ ਨੂੰ 51 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੇ ਜਾਣ ਦਾ ਫੈਸਲਾ ਲਿਆ ਹੈ। ਜ਼ਿਲ੍ਹਾ ਮੋਗਾ ਵਿੱਚ ਜੁਲਾਈ 2021 ਤੋਂ ਸਤੰਬਰ 2021 ਤੱਕ 232 ਲਾਭਪਾਤਰੀਆਂ ਨੂੰ ਪ੍ਰਤੀ ਲਾਭਪਾਤਰੀ 51 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ 1 ਕਰੋੜ 18 ਲੱਖ 32 ਹਜ਼ਾਰ ਰੁਪਏ ਦੀ ਰਾਸ਼ੀ ਜਲਦ ਹੀ ਉਨ੍ਹਾਂ ਦੇ ਖਾਤੇ ਵਿੱਚ ਸਿੱਧੇ ਤੌਰ ਤੇ ਟ੍ਰਾਂਸਫਰ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੋਗਾ ਤੋਂ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਜਾਂ ਇਸ ਸਕੀਮ ਦਾ ਫਾਰਮ ਭਰਿਆ ਜਾ ਸਕਦਾ ਹੈ।




