ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਬਾਲ ਗਿਆਨ ਪ੍ਰਸ਼ੋਨਤਰੀ ਮੁਕਾਬਲੇ
ਇਹਨਾਂ ਮੁਕਾਬਲਿਆਂ ਨਾਲ ਹੁੰਦੈ ਵਿਦਿਆਰਥੀਆਂ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗਿਆਨ ਵਿਚ ਵਾਧਾ-ਜ਼ਿਲ੍ਹਾ ਭਾਸ਼ਾ ਅਫਸਰ ਮੋਗਾ

ਮੋਗਾ, 18 ਅਕਤੂਬਰ:-ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਬਾਲ ਗਿਆਨ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਜਸਵਿੰਦਰ ਧਰਮਕੋਟ ਅਤੇ ਸ਼੍ਰੀਮਤੀ ਮਮਤਾ ਸੇਠੀ, ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਮੋਗਾ ਸ਼ਾਮਲ ਸਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਆਏ ਹੋਏ ਅਧਿਆਪਕਾਂ ਅਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੁਆਰਾ ਆਯੋਜਿਤ ਕੀਤੀ ਜਾਂਦੀ ਇਸ ਪ੍ਰਤੀਯੋਗਤਾ ਦਾ ਉਦੇਸ਼ ਵਿਦਿਆਰਥੀਆਂ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਆਮ ਗਿਆਨ ਵਿਚ ਵਾਧਾ ਕਰਦਿਆਂ ਉਨ੍ਹਾਂ ਅੰਦਰ ਪੰਜਾਬ ਦੀ ਅਮੀਰ ਵਿਰਾਸਤ ਪ੍ਰਤੀ ਦਿਲਚਸਪੀ ਪੈਦਾ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਤਿੰਨ ਵਰਗਾਂ ਵਿੱਚ ਬਾਲ ਗਿਆਨ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮਿਡਲ, ਸੈਕੰਡਰੀ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।
ਵਰਗ–ੳ ਮੁਕਾਬਲੇ ਵਿੱਚ ਅਰਸ਼ਦੀਪ ਕੌਰ ਸ਼ਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਨੇ ਪਹਿਲਾ, ਹਰਲੀਨ ਕੌਰ ਸਰਕਾਰੀ ਹਾਈ ਸਕੂਲ ਬਹੋਨਾ ਨੇ ਦੂਜਾ ਅਤੇ ਸੁਖਚੈਨ ਸਿੰਘ ਸਰਕਾਰੀ ਹਾਈ ਸਕੂਲ ਮੰਗੇਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ–ਅ ਮੁਕਾਬਲੇ ਵਿੱਚ ਕਮਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ ਨੇ ਪਹਿਲਾ, ਅਮਰਪਾਲ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਭਿੰਡਰ ਕਲਾਂ ਨੇ ਦੂਜਾ ਅਤੇ ਨਵਜੋਤ ਕੌਰ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ – ੲ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ ਐੱਸ. ਡੀ. ਕਾਲਜ ਫਾਰ ਵਿਮੈੱਨ, ਮੋਗਾ ਨੇ ਪਹਿਲਾ, ਆਂਚਲ ਸ਼ੁਕਲਾ ਐੱਸ. ਡੀ. ਕਾਲਜ ਫਾਰ ਵਿਮੈੱਨ ਮੋਗਾ ਨੇ ਦੂਜਾ ਅਤੇ ਅਮਰਜੋਤ ਕੌਰ ਡੀ. ਐੱਮ. ਕਾਲਜ ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰ ਰਹੇ ਸ਼੍ਰੀ ਜਸਵਿੰਦਰ ਧਰਮਕੋਟ ਨੇ ਦੱਸਿਆ ਕਿ ਇਹ ਮੁਕਾਬਲੇ ਅਨੁਸ਼ਾਸਨ-ਬੱਧ ਢੰਗ ਨਾਲ ਪੂਰੀ ਪਾਰਦਰਸ਼ਤਾ ਨਾਲ ਕਰਵਾਏ ਗਏ ਅਤੇ ਜੂਨੀਅਰ ਸਹਾਇਕ ਨਵਦੀਪ ਸਿੰਘ ਦੀ ਅਗਵਾਈ ਵਿੱਚ ਮੌਕੇ ਉੱਪਰ ਹੀ ਨਤੀਜਾ ਤਿਆਰ ਕਰਕੇ ਐਲਾਨਿਆ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਨਵੰਬਰ, 2024 ਦੌਰਾਨ ਮਨਾਏ ਜਾਣ ਵਾਲੇ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਅਧੀਨ ਰਾਜ ਪੱਧਰੀ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਹਿੱਸਾ ਲੈਣਗੇ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੇ ਕਰਮਚਾਰੀ ਮੋਹਿਤ ਕੁਮਾਰ, ਸਾਹਿਲ ਕੁਮਾਰ ਅਤੇ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨਾਲ ਆਏ ਅਧਿਆਪਕ ਸਾਹਿਬਾਨ ਸ਼ਾਮਲ ਸਨ।




