ਭਾਸ਼ਾ ਵਿਭਾਗ ਵੱਲੋਂ ਪੰਜਾਬੀ ਨਾਵਲ ਸੰਬੰਧੀ ਆਯੋਜਿਤ ਸੈਮੀਨਾਰ ਅਮਿੱਟ ਪੈੜਾਂ ਛੱਡ ਗਿਆ

ਮੋਗਾ 15 ਨਵੰਬਰ:
ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ‘ਪੰਜਾਬੀ ਮਾਹ-2023’ ਦੌਰਾਨ ਮਾਣਯੋਗ ਸਿੱਖਿਆ ਮੰਤਰੀ, ਪੰਜਾਬ ਜੀ ਦੀ ਅਗਵਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਡੀ. ਐੱਮ. ਕਾਲਜ, ਮੋਗਾ ਦੇ ਸਹਿਯੋਗ ਨਾਲ ‘ਪੰਜਾਬੀ ਨਾਵਲ ਦੀ ਦਸ਼ਾ ਅਤੇ ਦਿਸ਼ਾ’ ਵਿਸ਼ੇ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਅਵਸਰ ‘ਤੇ ਮਾਣਯੋਗ ਵਿਧਾਇਕ, ਹਲਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਬਤੌਰ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ, ਮੋਗਾ ਸ. ਕੁਲਵੰਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਡਿਪਟੀ ਮੇਅਰ, ਮੋਗਾ ਸ. ਬਲਜੀਤ ਸਿੰਘ ਚਾਨੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪ੍ਰਸਿੱਧ ਨਾਵਲਕਾਰ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਸਮਾਗਮ ਵਿੱਚ ਮੈਨੇਜਮੈਂਟ ਕਮੇਟੀ ਡੀ. ਐੱਮ. ਕਾਲਜ, ਮੋਗਾ ਦੇ ਉਪ ਪ੍ਰਧਾਨ ਸ਼੍ਰੀ ਸਵਰਨ ਸ਼ਰਮਾ ਅਤੇ ਮੈਂਬਰ ਸ਼੍ਰੀ ਅਜੇ ਅਗਰਵਾਲ ਜੀ ਵੀ ਸੁਸ਼ੋਭਿਤ ਸਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰੋ. ਗੁਰਪਾਲ ਸਿੰਘ ਸੰਧੂ ਵੱਲੋਂ ਪੰਜਾਬੀ ਨਾਵਲ ਦੀ ਦਸ਼ਾ ਤੇ ਦਿਸ਼ਾ ਉੱਪਰ ਵਿਸਥਾਰਪੂਰਵਕ ਪਰਚਾ ਪੜ੍ਹਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਪੰਜਾਬੀ ਨਾਵਲ ਦੀਆਂ ਵਿਸ਼ਵ ਨਾਵਲ ਦੇ ਪ੍ਰਸੰਗ ਵਿੱਚ ਹੁਣ ਤੱਕ ਦੀਆਂ ਪ੍ਰਾਪਤੀਆਂ, ਨਵੀਆਂ ਸਥਾਪਨਾਵਾਂ, ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਨਾਵਲਕਾਰਾਂ ਨੇ ਪੰਜਾਬ ਦੀ ਇਸਤਰੀ ਨੂੰ ਸ਼ਿੰਗਾਰ ਰਸ ਤੋਂ ਉੱਪਰ ਉਠਾ ਕੇ ਬੀਰ ਰਸ ਨਾਲ ਜੋੜਿਆ ਹੈ।
ਇਸ ਪਰਚੇ ਉੱਪਰ ਡਾ. ਗੁਰਜੀਤ ਸਿੰਘ ਸੰਧੂ ਅਤੇ ਡਾ. ਸੁਰਜੀਤ ਬਰਾੜ ਹੁਰਾਂ ਨੇ ਵਿਚਾਰ ਚਰਚਾ ਕਰਦਿਆਂ ਗੱਲਬਾਤ ਨੂੰ ਅੱਗੇ ਤੋਰਦਿਆਂ ਅਜੋਕੇ ਪੰਜਾਬੀ ਨਾਵਲਕਾਰਾਂ ਦੁਆਰਾ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਇਆ। ਵਿਧਾਇਕ ਹਲਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਰਾਜ ਭਾਸ਼ਾ ਪੰਜਾਬੀ ਨੂੰ ਮਾਣ ਸਤਿਕਾਰ ਦਿਵਾਉਣ ਲਈ ਵਿੱਢੀ ਗਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬੀ ਵਿੱਚ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ, ਕੰਪਨੀਆਂ, ਦੁਕਾਨਾਂ ਆਦਿ ਦੇ ਬੋਰਡਾਂ ਉੱਪਰ ਉਨ੍ਹਾਂ ਦੇ ਨਾਮ, ਸਿਰਲੇਖ ਆਦਿ ਸਭ ਤੋਂ ਉੱਪਰ ਗੁਰਮੁਖੀ ਲਿੱਪੀ ਵਿੱਚ ਲਿਖੇ ਜਾਣੇ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਸਭ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੰਸਾਰ ਵਿੱਚ ਉਹੀ ਕੌਮਾਂ ਆਪਣੀ ਪਹਿਚਾਣ ਕਾਇਮ ਰੱਖ ਸਕਦੀਆਂ ਹਨ, ਜੋ ਆਪਣੀ ਮਾਤ ਭਾਸ਼ਾ ਨੂੰ ਜਿਉਂਦਾ ਰੱਖਦੀਆਂ ਹਨ।
ਡਿਪਟੀ ਕਮਿਸ਼ਨਰ, ਮੋਗਾ ਸ. ਕੁਲਵੰਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਦੀ ਮੁਹਿੰਮ ਤਹਿਤ ਭਾਸ਼ਾ ਵਿਭਾਗ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਅਜਿਹੇ ਸਾਹਿਤਕ ਸਮਾਗਮਾਂ ਰਾਹੀਂ ਚੰਗੇਰੇ ਜੀਵਨ ਮੁੱਲਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨ ਜਾਰੀ ਰੱਖਣੇ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਨਿਭਾਅ ਰਹੇ ਪ੍ਰੋ. ਗੁਰਪ੍ਰੀਤ ਘਾਲੀ ਨੇ ਸਮੁੱਚੇ ਸਮਾਗਮ ਦੀ ਕਾਰਵਾਈ ਆਪਣੇ ਵਿਲੱਖਣ ਅੰਦਾਜ਼ ਵਿੱਚ ਬਾਖੂਬੀ ਨਿਭਾਈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜੂਨੀਅਰ ਸਹਾਇਕ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਤੌਰ ‘ਤੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਕਿ ਆਏ ਹੋਏ ਸਾਹਿਤਕਾਰਾਂ, ਮਹਿਮਾਨਾਂ ਅਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸਮਾਗਮ ਵਿਚ ਪ੍ਰਸਿੱਧ ਸਾਹਿਤਕਾਰ ਗੁਰਮੇਲ ਸਿੰਘ ਬੌਡੇ, ਜਸਬੀਰ ਸਿੰਘ ਕਲਸੀ, ਦਰਸ਼ਨ ਸਿੰਘ ਸੰਘਾ, ਜਸਵਿੰਦਰ ਧਰਮਕੋਟ, ਚਰਨਜੀਤ ਸਮਾਲਸਰ, ਧਾਮੀ ਗਿੱਲ, ਅਵਤਾਰ ਸਮਾਲਸਰ, ਕੁਲਵੰਤ ਸਿੰਘ ਧਾਲੀਵਾਲ, ਅਮਰਪ੍ਰੀਤ ਕੌਰ ਸੰਘਾ, ਬਲਜਿੰਦਰ ਕੌਰ ਕਲਸੀ, ਡਾ. ਸਰਬਜੀਤ ਕੌਰ ਬਰਾੜ, ਜਗੀਰ ਸਿੰਘ ਖੋਖਰ, ਜਸਵੰਤ ਕੜਿਆਲ, ਅਮਨਦੀਪ ਕੌਰ ਮੋਗਾ, ਹਾਕਮ ਸਿੰਘ ਧਾਲੀਵਾਲ, ਸੁਖਵੰਤ ਸਿੰਘ ਢਿੱਲੋਂ, ਜਗਰੂਪ ਸਿੰਘ, ਮਨਰੀਤ ਕੌਰ, ਪਰਮਿੰਦਰ ਕੌਰ, ਰਚਨਾ ਰਾਣੀ, ਕਮਲਜੀਤ ਕੌਰ, ਗੁਰਜੀਤ ਕੌਰ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਸਾਹਿਲ, ਨਵਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਵਿਦਿਆਰਥੀ ਹਾਜ਼ਰ ਸਨ।




