ਵਿੱਤੀ ਨਿਵੇਸ਼ ਅਤੇ ਸ਼ੇਅਰ ਬਜ਼ਾਰ ਸਬੰਧੀ ਨੌਜਵਾਨਾਂ ਨੂੰ ਕੀਤਾ ਜਾਗਰੂਕ

ਮੋਗਾ, 10 ਜੂਨ, (ਚਰਨਜੀਤ ਸਿੰਘ): ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਤਿੰਨ ਦਿਨਾਂ ਨਿਵੇਸ਼ਕ ਜਾਗਰੂਕਤਾ, ਸਿੱਖਿਆ ਅਤੇ ਵਿੱਤੀ ਸੁੱਰਖਿਆ ਟ੍ਰੇਨਿੰਗ ਪ੍ਰੋਗਰਾਮ ਰਾਜੀਵ ਗਾਂਧੀ ਰਾਸ਼ਟਰੀ ਯੁਵਾ ਵਿਕਾਸ ਸੰਸਥਾਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੋਗਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਤੋਂ ਆਏ 80 ਨੌਜਵਾਨਾਂ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਿਵੇਸ਼ ਸਬੰਧੀ ਯੋਗ ਸਿਖਲਾਈ ਦੇਣਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਮੋਗਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਵਧ ਰਹੀ ਬੇਰੋਜ਼ਗਾਰੀ ਦੀ ਦਰ ਨੂੰ ਦੇਖਦਿਆਂ ਹੋਇਆਂ ਇਹ ਨਵੀਂ ਕਿਸਮ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸ਼ੇਅਰ ਬਜ਼ਾਰ ਸਬੰਧੀ ਗਿਆਨ ਮਹਿਜ ਨਾ ਦੇ ਮਾਤਰ ਹੈ। ਇਸ ਕਰਕੇ ਇਸ ਤਿੰਨ ਰੋਜਾ ਪ੍ਰੋਗਰਾਮ ਵਿੱਚ ਵਿੱਤੀ ਮਨੇਜਮੈਂਟ, ਸ਼ੇਅਰ ਬਜ਼ਾਰ, ਮਿਊਚਲ ਫੰਡ, ਕ੍ਰਿਪਟੋ ਕਰੰਸੀ, ਬੈਂਕ ਦੀਆਂ ਸਕੀਮਾਂ, ਡਾਕਘਰ ਦੀਆਂ ਸਕੀਮਾਂ ਅਤੇ ਸਰਕਾਰ ਦੀਆਂ ਇੰਸ਼ੋਰੈਂਸ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਰਾਜ ਨਿਰਦੇਸ਼ਕ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ ਸੁਰਿੰਦਰ ਸੈਣੀ ਅਤੇ ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਸ. ਪਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਕਰ ਕਮਲਾਂ ਨਾਲ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ।
ਆਪਣੇ ਸੰਬੋਧਨ ਵਿੱਚ ਡਾਇਰੈਕਟਰ ਨੇ ਕਿਹਾ ਕਿ ਅਜੋਕਾ ਸਮਾਂ ਇਸ ਨਵੀਂ ਤਰ੍ਹਾਂ ਦੇ ਗਿਆਨਵਰਧਕ ਪ੍ਰੋਗਰਾਮਾਂ ਦੀ ਮੰਗ ਕਰਦਾ ਹੈ। ਉਨ੍ਹਾਂ ਨਿਵੇਸ਼ਕ ਜਾਗਰੂਕਤਾ, ਸਿੱਖਿਆ ਅਤੇ ਫੰਡ ਅਥਾਰਟੀ ਦਾ ਵਿਸ਼ੇਸ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ।
ਮੰਚ ਸੰਚਾਲਨ ਦੀ ਜਿੰਮੇਵਾਰੀ ਯੂਥ ਆਗੂ ਜਸਵੰਤ ਸਿੰਘ ਪੁਰਾਣੇਵਾਲਾ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਵਿੱਚ ਰਿਸੋਰਸ ਪਰਸਨ ਵਜੋਂ ਡਿਪਟੀ ਡਾਇਰੈਕਟਰ ਪੰਜਾਬ ਨੈਸ਼ਨਲ ਬੈਂਕ ਡਾ. ਰਤਨ ਸਿੰਘ, ਸ ਗੁਰਜੀਤ ਸਿੰਘ, ਸ਼ੁਸ਼ੀਲ ਕੁਮਾਰ ਰੈੱਡ ਕਰਾਸ ਸੋਸਾਇਟੀ ਆਦਿ ਹਾਜ਼ਰ ਹੋਏ। ਇਸ ਮੌਕੇ ਕੈਪਟਨ ਅਰਜਨ ਸਿੰਘ, ਫੁੱਟਬਾਲ ਕੋਚ ਦਲਜੀਤ ਸਿੰਘ, ਸ਼ੁਸ਼ਮਾ ਕੁਮਾਰੀ, ਪ੍ਰਿਤਪਾਲ ਕੌਰ, ਕਮਲਜੀਤ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਮੋਗਾ ਦੇ ਵਲੰਟੀਅਰਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਨੌਜਵਾਨਾਂ ਨੇ ਹਿੱਸਾ ਲਿਆ।



