ਨਿਹਾਲ ਸਿੰਘ ਵਾਲਾ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਉਣ ਲੱਗੇ
ਸਿਹਤ, ਬਾਲ ਵਿਕਾਸ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਸੁਧਾਰ ਨਜ਼ਰ ਆਉਣ ਲੱਗਾ

ਮੋਗਾ, 23 ਨਵੰਬਰ (Charanjit Singh) – ਦੇਸ਼ ਦੇ ਵਿਕਾਸ ਪੱਖੋਂ ਪਛੜੇ 112 ਜ਼ਿਲ੍ਹਿਆਂ ਵਿੱਚ ਚਲਾਏ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਨੀਤੀ ਆਯੋਗ ਨੇ ਦੇਸ਼ ਦੇ ਸਭ ਤੋਂ ਵੱਧ ਪਛੜੇ ਹੋਏ 500 ਬਲਾਕਾਂ ਵਿੱਚ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਹਨਾਂ ਬਲਾਕਾਂ ਵਿੱਚ ਪੰਜਾਬ ਦੇ ਵੀ 10 ਬਲਾਕ ਸ਼ਾਮਿਲ ਕੀਤੇ ਗਏ ਸਨ। ਇਹਨਾਂ ਬਲਾਕਾਂ ਵਿੱਚ ਜ਼ਿਲ੍ਹਾ ਮੋਗਾ ਦਾ ਬਲਾਕ ਨਿਹਾਲ ਸਿੰਘ ਵਾਲਾ ਵੀ ਇਕ ਹੈ। ਇਸ ਪ੍ਰੋਗਰਾਮ ਨਾਲ ਬਲਾਕ ਵਿੱਚ ਵਿਕਾਸ ਅਤੇ ਬਦਲਾਅ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਸਿਹਤ, ਬਾਲ ਵਿਕਾਸ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਸੁਧਾਰ ਨਜ਼ਰ ਆਉਣ ਲੱਗਾ ਹੈ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਸ ਪ੍ਰੋਗਰਾਮ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨ ਭਾਗੀਦਾਰੀ ਨਾਲ ਅਵਿਕਸਤ ਬਲਾਕ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਕਈ ਅਜਿਹੇ ਖੇਤਰ ਹਨ ਜਿੱਥੇ ਅੰਕੜੇ ਰਾਜ ਪੱਧਰੀ ਅੰਕੜਿਆਂ ਤੋਂ ਵੀ ਵਧੀਆ ਦਰਜ ਕੀਤੇ ਗਏ ਹਨ। ਇਸ ਬਲਾਕ ਦੀਆਂ ਸਿਹਤ ਸੰਸਥਾਵਾਂ ਵਿਚ ਜਣੇਪਾ ਦਰ ਬਹੁਤ ਵਧੀਆ ਹੋ ਗਈ ਹੈ। ਹੁਣ ਸਾਰੇ ਜਣੇਪੇ ਕਿਸੇ ਨਾ ਕਿਸੇ ਸਿਹਤ ਸੰਸਥਾ ਵਿੱਚ ਹੀ ਹੁੰਦੇ ਹਨ। ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਰੀਰਕ ਮਿਣਤੀ ਰੈਗੂਲਰ ਤਰੀਕੇ ਨਾਲ ਹੋਣ ਲੱਗੀ ਹੈ ਅਤੇ ਹਰੇਕ ਸੈਂਟਰ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਮੁਹਈਆ ਹੋਏ ਗਈ ਹੈ। ਜ਼ਿਲ੍ਹਾ ਮੋਗਾ ਬਲਾਕ ਵਿਚ ਫਾਰਮਰਜ਼ ਪ੍ਰੋਡਿਊਸਰਜ਼ ਆਰਗਨਾਈਜੇਸ਼ਨ ਦੀ ਸਥਾਪਨਾ ਕਰਨ ਵਿੱਚ ਮੋਹਰੀ ਰਿਹਾ ਹੈ। ਬਲਾਕ ਵਿੱਚ ਹਰੇਕ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਬੈਂਕ ਦੀ ਸਹੂਲਤ ਹੈ ਤਾਂ ਜੋ ਲੋਕਾਂ ਨੂੰ ਬੈਂਕਿੰਗ ਲੋੜਾਂ ਲਈ ਦੂਰ ਨਾ ਜਾਣਾ ਪਵੇ। ਜਲ ਸਪਲਾਈ ਵਿਭਾਗ ਵੱਲੋਂ ਹਰੇਕ ਘਰ ਨੂੰ ਸਰਕਾਰੀ ਟੂਟੀ ਦੀ ਸਹੂਲਤ ਦੇਣ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਸੇ ਤਰ੍ਹਾਂ 92 ਫੀਸਦੀ ਲੋਕਾਂ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਵਿੱਚ ਵੀ ਸਫਲਤਾ ਮਿਲੀ ਹੈ। ਜਦਕਿ ਰਹਿੰਦੇ ਲਾਭਪਾਤਰੀਆਂ ਨੂੰ ਘਰ ਦੀ ਸਹੂਲਤ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਕੁਝ ਅਜਿਹੇ ਅੰਕੜੇ ਹਨ, ਜੋ ਕਿ ਰਾਜ ਪੱਧਰੀ ਅੰਕੜਿਆਂ ਤੋਂ ਵੀ ਉੱਪਰ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਚੁਣੇ ਗਏ 10 ਬਲਾਕਾਂ ਵਿੱਚ ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ), ਮਖੂ (ਫਿਰੋਜ਼ਪੁਰ), ਸ਼ਾਹਕੋਟ (ਜਲੰਧਰ), ਧੂਰੀ (ਸੰਗਰੂਰ), ਡੇਰਾ ਬਾਬਾ ਨਾਨਕ ਤੇ ਕਲਾਨੌਰ (ਗੁਰਦਾਸਪੁਰ), ਅਜਨਾਲਾ ਤੇ ਹਰਸ਼ਾ ਛੀਨਾ (ਸ਼੍ਰੀ ਅੰਮ੍ਰਿਤਸਰ ਸਾਹਿਬ), ਢਿੱਲਵਾਂ ਅਤੇ ਸੁਲਤਾਨਪੁਰ ਲੋਧੀ (ਕਪੂਰਥਲਾ) ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਪਹਿਲਾਂ ਹੀ ਮੋਗਾ ਅਤੇ ਫਿਰੋਜ਼ਪੁਰ ਸਮੇਤ ਦੇਸ਼ ਦੇ 112 ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਬੰਧਤ ਖੇਤਰਾਂ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਖੇਤੀਬਾੜੀ, ਵਿੱਤੀ ਸ਼ਮੂਲੀਅਤ ਅਤੇ ਹੁਨਰ ਵਿਕਾਸ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਂਦਾ ਹੈ। ਇਸ ਨੂੰ ਮਾਪਣ ਲਈ ਅੱਗੇ ਕਈ ਇੰਡੀਕੇਟਰ ਰੱਖੇ ਗਏ ਹਨ।
ਉਹਨਾਂ ਕਿਹਾ ਕਿ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਜਗੁਜ਼ਗਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਇਕ ਟੀਮ ਦੇ ਤੌਰ ਉੱਤੇ ਕੰਮ ਕਰਨ ਤਾਂ ਜੋ ਬਲਾਕ ਨਿਹਾਲ ਸਿੰਘ ਵਾਲਾ ਦਾ ਸਰਬਪੱਖੀ ਵਿਕਾਸ ਕਰਵਾ ਕੇ ਇਸ ਨੂੰ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਸੂਚੀ ਵਿਚੋਂ ਕਢਵਾਇਆ ਜਾ ਸਕੇ। ਉਹਨਾਂ ਕਿਹਾ ਕਿ ਬਲਾਕ ਵਿੱਚ ਜਿਹੜੇ ਇੰਡੀਕੇਟਰਾਂ ਉੱਤੇ ਜਿਆਦਾ ਜੋਰ ਦੇਣ ਦੀ ਲੋੜ ਹੈ। ਉਥੇ ਜਿਆਦਾ ਕੰਮ ਕੀਤਾ ਜਾਵੇ।





