
ਮੋਗਾ, 25 ਅਗਸਤ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਦੇ “ਘਰ ਘਰ ਰੋਜ਼ਗਾਰ ਅਤੇ ਕਾਰੋਬਾਰ” ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਰੋਜ਼ਗਾਰ ਵਿਭਾਗ ਵੱਲੋਂ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਗਾਈਡੈਂਸ ਮੁਹੱਈਆ ਕਰਵਾਉਣ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਇਸੇ ਮੰਤਵ ਅਧੀਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਐਸ.ਡੀ. ਕਾਲਜ (ਲੜਕੀਆਂ) ਮੋਗਾ ਵਿਖੇ ਕੈਰੀਅਰ ਗਾਈਡੈਂਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਜਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ, ਕੈਰੀਅਰ ਕਾਊਂਸਲਰ ਸ਼੍ਰੀ ਬਲਰਾਜ ਸਿੰਘ ਖਹਿਰਾ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੱਖ-ਵੱਖ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਇਹ ਦੱਸਿਆ ਕਿ ਵਿਦਿਆਰਥੀ ਕਿਸ ਤਰ੍ਹਾਂ ਵੱਖ-ਵੱਖ ਕਿੱਤਿਆ ਵਿੱਚ ਆਪਣਾ ਕੈਰੀਅਰ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਪ੍ਰਾਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਵਿਸ਼ੇਸ਼ ਹੁਨਰ ਦੀ ਜਰੂਰਤ ਹੈ। ਇੱਕ ਚੰਗੇ ਹੁਨਰ ਵਾਲਾ ਪ੍ਰਾਰਥੀ ਹੀ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇੱਕ ਚੰਗੀ ਨੌਕਰੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਜਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀ ਸ਼੍ਰੀ ਨਿਰਮਲ ਸਿੰਘ ਜੀ ਵੱਲੋਂ ਵਿਦਿਆਰਥਣਾਂ ਨੂੰ ਸਵੈ-ਰੋਜ਼ਗਾਰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਐਸ.ਸੀ. ਕਾਰਪੋਰੇਸ਼ਨ ਦੇ ਨੁਮਾਇੰਦੇ ਸ਼੍ਰੀ ਬਖਸ਼ੀਸ਼ ਬਾਂਸਲ ਵੱਲੋਂ ਸਬੰਧਤ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਦੇ ਅੰਤ ਵਿੱਚ ਐਸ.ਡੀ ਕਾਲਜ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਨੀਨਾ ਅਨੇਜਾ ਵੱਲੋਂ ਆਏ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਇਹ ਕੈਰੀਅਰ ਸਬੰਧੀ ਸੈਮੀਨਾਰ ਵਿਦਿਆਰਥੀਆ ਲਈ ਭਵਿੱਖ ਵਿੱਚ ਬਹੁਤ ਹੀ ਲਾਭਕਾਰੀਸਿੱਧ ਹੋਵੇਗਾ।





