ਤਾਜਾ ਖਬਰਾਂ
ਸਿਹਤ ਵਿਭਾਗ ਢੁੱਡੀਕੇ ਵਿਖੇ ਡੀ-ਵਰਮਿੰਗ ਦਿਵਸ ਮਨਾਇਆ
ਬੱਚੇ ਦੀ ਚੰਗੀ ਸਿਹਤ ਲਈ ਹਰ ਛੇ ਮਹੀਨਿਆਂ ਬਾਅਦ ਐਲਬੈਂਡਾਜੋਲ ਦੀ ਗੋਲੀ ਦੇਣਾ ਅਤਿ ਜਰੂਰੀ-ਡਾ. ਨੀਲਮ ਭਾਟੀਆ

ਢੁੱਡੀਕੇ (ਮੋਗਾ) 25 ਅਗਸਤ ( ਚਰਨਜੀਤ ਸਿੰਘ )
ਅੱਜ ਸਿਹਤ ਬਲਾਕ ਢੁੱਡੀਕੇ ਦੇ ਸਿਹਤ ਕਰਮਚਾਰੀਆਂ ਵੱਲੋਂ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਡੀ-ਵਾਰਮਿੰਗ ਦਿਵਸ ਮਨਾਇਆ ਗਿਆ। ਬਲਾਕ ਦੇ ਸਮੂਹ 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਮੁਫਤ ਗੋਲੀ ਦਿੱਤੀ ਗਈ।ਇਸ ਸਬੰਧੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੁੱਟਰ ਵਿਖੇ ਸਮਾਗਮ ਵੀ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਨੀਲਮ ਭਾਟੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਅੱਜ ਬਲਾਕ ਢੁੱਡੀਕੇ ਦੇ ਸਮੂਹ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਡੀ-ਵਰਮਿੰਗ ਦਿਵਸ ਮਨਾਇਆ ਗਿਆ। ਉਹਨਾਂ ਦੱਸਿਆ ਕਿ ਆਂਗਣਵਾੜੀ ਤੇ ਰਜਿਸਟਰਡ ਬੱਚਿਆਂ ਅਤੇ ਕਿਸੇ ਵੀ ਸਕੂਲ ਜਾਂ ਆਂਗਣਵਾੜੀ ਨਾ ਜਾਣ ਵਾਲੇ ਬੱਚਿਆਂ ਨੂੰ ਆਸ਼ਾ ਵਰਕਰਾਂ ਵੱਲੋਂ ਉਹਨਾਂ ਦੇ ਘਰਾਂ ਵਿੱਚ ਗੋਲੀ ਆਪਣੀ ਦੇਖਰੇਖ ਵਿੱਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਕਿਸੇ ਕਾਰਣ ਗੋਲੀ ਲੈਣ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ ਨੂੰ ਮਿਤੀ 1 ਸਤੰਬਰ 2021 ਮੋਪ ਅਪ ਡੇ ਵਾਲੇ ਦਿਨ ਗੋਲੀ ਦਿੱਤੀ ਜਾਵੇਗੀ ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਨੇ ਦੱਸਿਆ ਕਿ ਬੱਚਿਆਂ ਵਿੱਚ ਪੇਟ ਦੇ ਕੀੜੇ ਹੋਣ ਕਾਰਣ ਉਨ੍ਹਾਂ ਵਿੱਚ ਆਇਰਨ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਣ ਉਹਨਾਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬੱਚਿਆਂ ਦੁਆਰਾ ਨੰਗੇ ਪੈਰ ਮਿੱਟੀ ਵਿੱਚ ਖੇਡਣ ਨਾਲ, ਬਿਨ੍ਹਾਂ ਹੱਥ ਧੋਏ ਖਾਣ ਪੀਣ ਨਾਲ ਜਾਂ ਆਪਣੇ ਆਲੇ ਦੁਆਲੇ ਸਾਫ ਸਫਾਈ ਨਾ ਰੱਖਣ ਨਾਲ ਬੱਚਿਆਂ ਦੇ ਪੇਟ ਵਿੱਚ ਕੀੜੇ ਚਲੇ ਜਾਂਦੇ ਹਨ। ਜਿਸ ਕਾਰਣ ਬੱਚਿਆਂ ਨੂੰ ਪੇਟ ਦਰਦ ਕਾਰਣ ਉਲਟੀਆਂ ਟੱਟੀਆਂ ਦੇ ਨਾਲ ਹੋਰ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸੋ ਪੇਟ ਦੇ ਇਹਨਾਂ ਕੀੜਿਆਂ ਨੂੰ ਖਤਮ ਕਰਨ ਅਤੇ ਬੱਚੇ ਦੀ ਚੰਗੀ ਸਰੀਰਿਕ ਅਤੇ ਮਾਨਸਿਕ ਸਿਹਤ ਲਈ ਹਰ ਛੇ ਮਹੀਨਿਆਂ ਬਾਅਦ ਐਲਬੈਂਡਾਜੋਲ ਦੀ ਗੋਲੀ ਦੇਣਾ ਅਤਿ ਜਰੂਰੀ ਹੈ। ਉਹਨਾਂ ਦੱਸਿਆ ਕਿ ਇੱਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਅੱਧੀ ਗੋਲੀ ਜਾਂ ਸਿਰਪ ਅਤੇ ਦੋ ਸਾਲ ਤੋਂ ਉਪਰ ਦੇ ਬੱਚਿਆਂ ਨੂੰ ਪੂਰੀ ਗੋਲੀ ਦਿੱਤੀ ਜਾਵੇ।
ਫਾਰਮੇਸੀ ਅਫ਼ਸਰ ਰਾਜ ਕੁਮਾਰ ਅਤੇ ਕਮਿਉਨਿਟੀ ਹੈਲਥ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਚੰਗੀ ਤਰਾਂ ਹੱਥ ਧੋਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਬੱਚਿਆਂ ਨੂੰ ਗੋਲੀ ਖਾਣਾ ਖਾਣ ਤੋਂ ਬਾਅਦ ਦਿੱਤੀ ਜਾਵੇ ਖਾਲੀ ਪੇਟ ਕਿਸੇ ਵੀ ਬੱਚੇ ਨੂੰ ਐਲਬੈਂਡਾਜੋਲ ਦੀ ਗੋਲੀ ਨਾ ਦਿੱਤੀ ਜਾਵੇ। ਦੂਜੀ ਖਾਸ ਗੱਲ ਇਹ ਕਿ ਹਰ ਬੱਚੇ ਵੱਲੋਂ ਗੋਲੀ ਚਬਾਕੇ ਲਈ ਜਾਵੇ ਇਹ ਗੋਲੀ ਖਾਣ ਵਿੱਚ ਮਿੱਠੀ ਹੈ। ਉਹਨਾਂ ਕਿਹਾ ਕਿ ਬੱਚਿਆਂ ਲਈ ਐਲਬੈਂਡਾਜੋਲ ਗੋਲੀ ਬਿਲਕੁਲ ਸੇਫ਼ ਹੈ ਜੋ ਕਿ ਪਿਛਲੇ ਲਗਭਗ ਦਸ ਸਾਲਾਂ ਤੋਂ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ।
ਇਸ ਮੌਕੇ ਚਮਕੌਰ ਸਿੰਘ ਐਸ.ਆਈ, ਸਕੂਲ ਪ੍ਰਿੰਸੀਪਲ ਬਲਵੀਰ ਸਿੰਘ, ਅਧਿਆਪਕ ਨਿਹਾਰਿਕਾ ਤੋਂ ਇਲਾਵਾ ਸਮੂਹ ਅਧਿਆਪਕ ਅਤੇ ਸਿਹਤ ਸਟਾਫ ਵੀ ਮੌਜੂਦ ਸੀ ।




