ਜ਼ਿਲ੍ਹਾ ਪ੍ਰਸ਼ਾਸ਼ਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਪਹੁੰਚ ਕਰੇਗਾ-ਡਿਪਟੀ ਕਮਿਸ਼ਨਰ
ਜ਼ਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਵਫਦ ਨਾਲ ਕੀਤੀ ਮੀਟਿੰਗ

ਮੋਗਾ 7 ਅਪ੍ਰੈਲ ( Charanjit Singh Gahla ) ਸਮਾਜ ਵਿੱਚ ਸਹੀ ਅਤੇ ਲੋੜਵੰਦ ਲੋਕਾਂ ਦੀ ਪਹਿਚਾਣ ਕਰਨ, ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਆਮ ਲੋਕਾਂ ਵਿੱਚ ਪ੍ਰਚਾਰ ਕਰਨ ਅਤੇ ਉਹਨਾਂ ਸਕੀਮਾਂ ਦਾ ਲਾਭ ਸਹੀ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਦਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਇਸ ਲਈ ਸਾਡੀ ਵੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਲੋੜਵੰਦ ਲੋਕਾਂ ਤੱਕ ਪਹੁੰਚ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਚੱਲੀਏ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਅੱਜ ਆਪਣੇ ਦਫਤਰ ਵਿੱਚ ਜਿਲ੍ਹਾ ਐਨ.ਜੀ.ਓ. ਕੋਅਰਡੀਨੇਸ਼ਨ ਕਮੇਟੀ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਕੀਤਾ। ਜਿਕਰਯੋਗ ਹੈ ਕਿ ਮੋਗਾ ਜਿਲ੍ਹੇ ਦੀਆਂ 65 ਦੇ ਕਰੀਬ ਪੇਂਡੂ ਅਤੇ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਠਿਤ ਕੀਤੀ ਗਈ ਜਿਲ੍ਹਾ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦਾ 31 ਮੈਂਬਰੀ ਵਫਦ ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ ਦੀ ਅਗਵਾਈ ਵਿੱਚ ਅੱਜ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਵਿਖੇ ਗਿਆ।
ਵਫਦ ਨੇ ਉਹਨਾਂ ਨੂੰ ਮੋਗਾ ਜ਼ਿਲ੍ਹਾ ਵਿੱਚ ਬਤੌਰ ਡਿਪਟੀ ਕਮਿਸਨਰ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਇਹ ਮੰਗ ਕੀਤੀ ਕਿ ਆਮ ਲੋਕਾਂ ਤੱਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ, ਸਹੀ ਅਤੇ ਲੋੜਵੰਦ ਲੋਕਾਂ ਦੀ ਪਹਿਚਾਣ ਕਰਨ ਤੇ ਉਹਨਾਂ ਤੱਕ ਬਣਦਾ ਲਾਭ ਪਹੁੰਚਦਾ ਕਰਨ ਲਈ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਵਿੱਚ ਸ਼ਾਮਲ ਸਮਾਜ ਸੇਵੀ ਸੰਸਥਾਵਾਂ ਦੀ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਾਵੇ, ਜਿਸ ਵਿੱਚ ਉਹ ਆਪਣੇ ਵਿਭਾਗਾਂ ਦੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਐਨ.ਜੀ.ਓ ਸੰਸਥਾਵਾਂ ਨੂੰ ਦੇਣ ਤਾਂ ਜੋ ਉਹ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਸਕਣ। ਇਸ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਅਤਿਅੰਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਸਹਿਯੋਗ ਲਈ ਐਨ.ਜੀ.ਓ. ਸੰਸਥਾਵਾਂ ਨੇ ਖੁਦ ਸਾਡੇ ਨਾਲ ਪਹੁੰਚ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਵਫਦ ਵਿੱਚ ਸ਼ਾਮਲ ਸਾਰੇ ਮੈਂਬਰਾਂ ਅਤੇ ਉਹਨਾ ਦੀਆ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਤੇ ਉਸ ਤੋਂ ਬਾਅਦ ਐਨ.ਜੀ.ਓ. ਸੰਸਥਾਵਾਂ ਨਾਲ ਮਿਲ ਕੇ ਕੀਤੇ ਜਾ ਸਕਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਫਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਕੋਅਰਡੀਨੇਸ਼ਨ ਕਮੇਟੀ ਦੀ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਦੀ ਤਿਆਰੀ ਸਬੰਧੀ ਉਹਨਾਂ ਨੂੰ ਲਿਖਤੀ ਹੁਕਮ ਜਾਰੀ ਕੀਤੇ ਜਾਣਗੇ। ਜਿਕਰਯੋਗ ਹੈ ਕਿ ਵਫ਼ਦ ਨੂੰ ਸਿਰਫ ਮੰਗ ਪੱਤਰ ਦੇਣ ਲਈ ਦੋ ਮਿੰਟ ਦਾ ਸਮਾਂ ਮਿਲਿਆ ਸੀ ਪਰ ਡੀ.ਸੀ. ਸਾਹਬ ਨੂੰ ਵਫਦ ਨਾਲ ਮਿਲ ਕੇ ਐਨਾ ਵਧੀਆਂ ਲੱਗਿਆ ਕਿ ਉਹ ਇੱਕ ਘੰਟੇ ਤੱਕ ਪ੍ਰਸ਼ਾਸ਼ਨਿਕ ਮੁੱਦਿਆਂ ਤੇ ਗੱਲਬਾਤ ਕਰਦੇ ਰਹੇ।
ਮੀਟਿੰਗ ਦੀ ਸਮਾਪਤੀ ਤੇ ਜ਼ਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰਧਾਨ ਗੁਰਸੇਵਕ ਸੰਨਿਆਸੀ ਨੇ ਡੀ.ਸੀ. ਸਾਹਿਬ ਦਾ ਐਨਾ ਸਮਾਂ ਦੇਣ ਤੇ ਗੱਲ ਨੂੰ ਧਿਆਨ ਨਾਲ ਸੁਣਨ ਲਈ ਧੰਨਵਾਦ ਕੀਤਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਆਪਸੀ ਤਾਲਮੇਲ ਨਾਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ। ਇਸ ਵਫਦ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਚੀਫ ਪੈਟਰਨ ਦਵਿੰਦਰਪਾਲ ਸਿੰਘ ਰਿੰਪੀ, ਪੈਟਰਨ ਹਰਜਿੰਦਰ ਸਿੰਘ ਚੁਗਾਵਾਂ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਜਨਰਲ ਸਕੱਤਰ ਅਮਰਜੀਤ ਸਿੰਘ ਜੱਸਲ ਅਤੇ ਨਰਿੰਦਰਪਾਲ ਸਹਾਰਨ, ਕੈਸ਼ੀਅਰ ਕ੍ਰਿਸ਼ਨ ਸੂਦ, ਇਸਤਰੀ ਵਿੰਗ ਕੋਅਰਡੀਨੇਟਰ ਪ੍ਰੋਮਿਲਾ ਕੁਮਾਰੀ, ਪ੍ਰੋਜੈਕਟ ਇੰਚਾਰਜ ਗੁਰਪ੍ਰੀਤ ਸਚਦੇਵਾ, ਸ਼ੋਸ਼ਲ ਮੀਡੀਆ ਇੰ: ਪਰਮਜੋਤ ਖਾਲਸਾ ਅਤੇ ਕੁਲਦੀਪ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਬੇਅੰਤ ਕੌਰ ਗਿੱਲ, ਵੀ.ਪੀ. ਸੋੇਠੀ, ਗੋਕਲ ਚੰਦ, ਮਾਲਵਿੰਦਰ ਸਿੰਘ, ਡਾ. ਸਰਬਜੀਤ ਕੌਰ ਬਰਾੜ, ਪ੍ਰਿਤਪਾਲ ਸਿੰਘ ਲੱਕੀ, ਜਸਪ੍ਰੀਤ ਕੌਰ ਢਿੱਲੋਂ, ਗੁਰਪ੍ਰੀਤ ਕੌਰ, ਗਿਆਨ ਸਿੰਘ ਖੀਵਾ, ਜਸਪ੍ਰੀਤ ਕੋਰ ਅਤੇ ਕੁਲਵਿੰਦਰ ਸਿੰਘ ਸੋਨੂੰ ਆਦਿ ਸ਼ਾਮਲ ਸਨ ।




