
ਮੋਗਾ 19 ਅਗਸਤ: ( ਚਰਨਜੀਤ ਸਿੰਘ)ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲ ਅਧਿਆਪਕਾਂ ਦੀਆਂ ਖੋਜੀ ਬਿਰਤੀਆਂ ਤੇ ਵਿੱਦਿਅਕ ਸਰਗਰਮੀਆਂ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਜਿਲ੍ਹਾ ਪੱਧਰੀ ਟੀਚਰ ਫੈਸਟ 26 ਤੋਂ 28 ਅਗਸਤ ਤੱਕ ਕਰਵਾਇਆ ਜਾਵੇਗਾ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਸ਼ੀਲ ਨਾਥ ਨੇ ਇਸ ਸਬੰਧੀ ਦੱਸਿਆ ਕਿ ਐਸ.ਸੀ.ਈ.ਆਰ.ਟੀ. ਪੰਜਾਬ ਦੀ ਦੇਖ-ਰੇਖ ‘ਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ‘ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਬਲਾਕ ਪੱਧਰ ‘ਤੇ ਕਰਵਾਏ ਗਏ ਮੁਕਬਾਲਿਆਂ ਦੇ ਜੇਤੂ ਅਧਿਆਪਕ ਵਿਸ਼ਾਵਾਰ ਭਾਗ ਲੈਣਗੇ ਅਤੇ ਹਰੇਕ ਵਿਸ਼ੇ ਦੇ ਮੁਕਾਬਲੇ ‘ਚੋਂ ਜੇਤੂ 1-1 ਅਧਿਆਪਕ ਰਾਜ ਪੱਧਰੀ ਟੀਚਰ ਫੈਸਟ ‘ਚ ਭਾਗ ਲੈਣ ਦਾ ਹੱਕਦਾਰ ਬਣੇਗਾ। ਰਾਜ ਪੱਧਰੀ ਟੀਚਰਜ਼ ਫੈਸਟ 1 ਤੋਂ 3 ਅਗਸਤ ਤੱਕ ਅੰਮ੍ਰਿਤਸਰ ਵਿਖੇ ਹੋਵੇਗਾ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਸ਼ੇ ਦੇ ਮੁਕਾਬਲੇ ‘ਚ ਰਾਜ ਪੱਧਰ ‘ਤੇ ਜੇਤੂ ਅਧਿਆਪਕ ਨੂੰ 5100 ਰੁਪਏ, ਜਿਲ੍ਹਾ ਪੱਧਰ ਦੇ ਜੇਤੂ ਨੂੰ 2100 ਤੇ ਬਲਾਕ ਪੱਧਰ ‘ਤੇ ਜੇਤੂ ਅਧਿਆਪਕ ਨੂੰ 501 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਸਾਰੇ ਵਰਗਾਂ ਦੇ ਜੇਤੂਆਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੱਕ ਮੁਕਾਬਲੇ ਆਨ ਲਾਈਨ ਕਰਵਾਏ ਗਏ ਸਨ ਤੇ ਹੁਣ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੇ ਹਨ, ਜਿਸ ਕਾਰਨ ਜਿਲ੍ਹਾ ਤੇ ਰਾਜ ਪੱਧਰ ਦੇ ਮੁਕਾਬਲੇ ਆਫਲਾਈਨ ਕਰਵਾਏ ਜਾਣਗੇ। ਕੋਵਿਡ-19 ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਜਾਣਗੇ। ਰਾਜ ਪੱਧਰੀ ਫੈਸਟ ਲਈ ਜਿਲ੍ਹੇ ਦੇ ਜੇਤੂ ਅਧਿਆਪਕਾਂ ਦੀ ਆਨਲਾਈਨ ਰਜਿਸਟ੍ਰੇਸ਼ਨ 30 ਅਗਸਤ ਤੱਕ ਕਰਵਾਈ ਜਾਣੀ ਲਾਜ਼ਮੀ ਹੈ।ਰਾਕੇਸ਼ ਕੁਮਾਰ ਮੱਕਡ਼ ਡਿਪਟੀ ਡੀ.ਈ.ਓ. (ਸੈ.ਸਿੱ.) ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਅਧਿਆਪਕਾਂ ਦੀਆਂ ਖੋਜੀ ਬਿਰਤੀਆਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਹੋਰਨਾਂ ਅਧਿਆਪਕਾਂ ਨੂੰ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਹੈ। ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ਨੇ ਦੱਸਿਆ ਕਿ ਬਲਾਕ ਪੱਧਰ ‘ਤੇ ਹੋਏ ਮੁਕਾਬਲਿਆਂ ‘ਚ ਜਿਲ੍ਹੇ ਦੇ ਹਰੇਕ ਬਲਾਕ ‘ਚੋਂ ਸੈਂਕੜੇ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆ ਦੇ ਮੁਕਾਬਲਿਆਂ ‘ਚ ਸ਼ਮੂਲੀਅਤ ਕੀਤੀ ਸੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਸਮੂਹ ਅਧਿਆਪਕਾਂ ਵਾਂਗੂੰ ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲ ਅਧਿਆਪਕ ਆਪਣੀ ਜਿੰਮੇਵਾਰੀ ਪ੍ਰਤੀ ਕਿੰਨੀ ਮਿਹਨਤ ਤੇ ਸੁਹਿਰਦਤਾ ਨਾਲ ਨਿਭਾ ਰਹੇ ਹਨ।




