
ਮੋਗਾ, 18 ਅਗਸਤ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਦੇ ”ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ” ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰ ਘਰ ਘਰ ਰੋਜ਼ਗਾਰ ਮਿਸ਼ਨ ਨੂੰ ਸਫ਼ਲਤਾ ਵੱਲ ਲਿਜਾਣ ਲਈ ਹਰ ਕੋਸ਼ਿਸ਼ ਕਰ ਰਹੇ ਹਨ ਅਤੇ ਰੋਜ਼ਗਾਰ ਕੈਂਪਾਂ ਜਰੀਏ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਯੋਗਤਾ ਅਨੁਸਾਰ ਰੋਜ਼ਗਾਰ ਦਿਵਾਉਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਕਾਰੋਬਾਰ ਅਫ਼ਸਰ ਸ੍ਰੀਮਤੀ ਪਰਮਿੰਦਰ ਕੌਰ ਗਿੱਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਵਜੋਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਇੱਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਚੈਕਮੇਟ ਸਰਵਿਸਜ਼ ਪ੍ਰਾਈਵੇਟ ਲਿਮ. ਕੰਪਨੀ ਲੁਧਿਆਣਾ ਨੇ ਸ਼ਿਰਕਤ ਕੀਤੀ। ਕੰਪਨੀ ਦੁਆਰਾ ਸਕਿਉਰਿਟੀ ਗਾਰਡ ਦੀਆਂ ਪੋਸਟਾਂ ਲਈ ਨੌਜਵਾਨਾਂ ਦੀ ਚੋਣ ਇੰਟਰਵਿਊ ਜਰੀਏ ਕੀਤੀ ਗਈ।
ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 43 ਬੇਰੋਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ ਅਤੇ 31 ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕੀਤੀ ਗਈ। ਇਨ੍ਹਾਂ ਚੁਣੇ ਗਏ ਉਮੀਦਵਾਰਾਂ ਨੂੰ ਕੰਪਨੀ ਵੱਲੋਂ ਰਹਿਣ ਦੀ ਸਹੂਲਤ ਮੁਫ਼ਤ ਅਤੇ ਬਹੁਤ ਹੀ ਘੱਟ ਰੇਟ ਤੇ ਖਾਣੇ ਦੀ ਸਹੂਲੀਅਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦੁਆਰਾ ਇਨ੍ਹਾਂ ਨੌਜਵਾਨਾਂ ਨੂੰ ਚੰਗੀ ਤਨਖਾਹ ਦਿੱਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੌਜਵਾਨ ਲੜਕੇ ਲੜਕੀਆਂ ਦਾ ਨਾਮ ਰੋਜ਼ਗਾਰ ਦਫ਼ਤਰ ਵਿਖੇ ਦਰਜ ਨਹੀਂ ਹੈ, ਉਹ ਆਪਣੀ ਯੋਗਤਾ ਅਨੁਸਾਰ ਇਸ ਦਫ਼ਤਰ ਵਿਖੇ ਆਪਣਾ ਨਾਮ ਦਰਜ ਕਰਵਾਉਣ ਅਤੇ ਆਪਣੀ ਯੋਗਤਾ ਅਨੁਸਾਰ ਰੋਜ਼ਗਾਰ ਹਾਸਲ ਕਰਨ।




