ਵਿਧਾਨ ਸਭਾ ਚੋਣ ਹਲਕਾ ਮੋਗਾ ਦੇ 2 ਪੋਲਿੰਗ ਸਟੇਸ਼ਨਾਂ ਦੇ ਬਦਲੇ ਸਥਾਨ ਅਤੇ 5 ਪੋਲਿੰਗ ਸਟੇਸ਼ਨਾਂ ਦੇ ਨਾਵਾਂ ਵਿੱਚ ਹੋਈ ਤਬਦੀਲੀ
ਵਿਧਾਨ ਸਭਾ ਚੋਣ ਹਲਕਾ ਧਰਮਕੋਟ ਦੇ ਵੀ 2 ਸਕੂਲ ਅਪਗ੍ਰੇਡ ਹੋਣ ਕਰਕੇ ਪੋਲਿੰਗ ਸਟੇਸ਼ਨਾਂ ਦੇ ਬਦਲੇ ਨਾਮ

ਮੋਗਾ, 19 ਜਨਵਰੀ ( Charanjit Singh ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜ਼ਰ ਜਿਲ੍ਹਾ ਮੋਗਾ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 073-ਮੋਗਾ ਦੇ ਪੋਲਿੰਗ ਸਟੇਸ਼ਨ ਨੰ. 131 ਅਤੇ 146 ਦੀ ਬਿਲਡਿੰਗ ਸਹੀ ਹਾਲਤ ਵਿੱਚ ਨਾ ਹੋਣ ਕਰਕੇ ਬਿਲਡਿੰਗਾਂ ਦੀ ਤਬਦੀਲੀ ਅਤੇ ਪੋਲਿੰਗ ਸਟੇਸ਼ਨ ਨੰ. 136 ਤੋਂ 140 ਤੱਕ ਪੋਲਿੰਗ ਸਟੇਸ਼ਨਾਂ ਦੀ ਬਿਲਡਿੰਗ ਦੇ ਨਾਮ ਦੀ ਸਕੂਲ ਅਪਗਰੇਡ ਹੋਣ ਕਰਕੇ ਇਨ੍ਹਾਂ ਦੀ ਤਬਦੀਲੀ ਲਈ ਤਜ਼ਵੀਜ਼ਾਂ ਭਾਰਤੀ ਚੋਣ ਕਮਿਸ਼ਨਰ ਨੂੰ ਭੇਜੀਆਂ ਗਈਆਂ ਸਨ। ਇਨ੍ਹਾਂ ਤਜਵੀਜ਼ਾਂ ਵਿੱਚ ਵਿਧਾਨ ਸਭਾ ਚੋਣ ਹਲਕਾ 74-ਧਰਮਕੋਟ ਦੇ ਪੋਲਿੰਗ ਸਟੇਸ਼ਨ ਨੰ. 131 ਅਤੇ 132 ਦੀ ਬਿਲਡਿੰਗ ਦੇ ਨਾਮ ਦੀ ਸਕੂਲ ਅਪਗਰੇਡ ਹੋਣ ਕਰਕੇ ਤਬਦੀਲੀ ਸਬੰਧੀ ਤਜ਼ਵੀਜ਼ ਵੀ ਸ਼ਾਮਿਲ ਸੀ। ਇਹ ਤਜ਼ਵੀਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕਰ ਲਈਆਂ ਗਈਆਂ ਹਨ। ਇਸ ਲਈ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਮੌਜੂਦਾ ਨਾਮ ਬਦਲ ਚੁੱਕੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 73 ਮੋਗਾ ਦੇ ਪੋਲਿੰਗ ਸਟੇਸ਼ਨ ਨੰਬਰ 131 ਪਹਿਲਾਂ ਸਾਧੂ ਰਾਮ ਮੈਮੋਰੀਅਲ ਪਬਲਿਕ ਸਕੂਲ, ਬੇਅੰਤ ਨਗਰ ਮੋਗਾ ਵਿਖੇ ਸੀ ਹੁਣ ਸ਼ਹੀਦ ਊਧਮ ਸਿੰਘ ਕੁਲਾਰ ਨਗਰ ਮੋਗਾ ਵਿਖੇ ਕਰ ਦਿੱਤਾ ਗਿਆ ਹੈ, ਪੋਲਿੰਗ ਸਟੇਸ਼ਨ ਨੰਬਰ 146 ਪਹਿਲਾਂ ਬਾਕਾ ਟੇਕ ਸਿੰਘ ਮਿਉਂਸਪਲ ਪਾਰਕ ਮੋਗਾ ਵਿਖੇ ਸੀ ਹੁਣ ਧਰਮਸ਼ਾਲਾ ਮੁਹੱਲਾ ਸੰਧੂ ਮੋਗਾ ਵਿਖੇ ਕਰ ਦਿੱਤਾ ਗਿਆ ਹੈ। ਪੋਲਿੰਗ ਸਟੇਸ਼ਨ ਨੰਬਰ 136 ਤੋਂ 140 ਦਾ ਨਾਮ ਪਹਿਲਾਂ ਰਾਮ ਜੀ ਦਾਸ ਪਬਲਿਕ ਸਕੂਲ ਸੀ ਹੁਣ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਮਹਿਮੇ ਵਾਲਾ ਰੋਡ ਮੋਗਾ ਹੋ ਗਿਆ ਹੈ।
ਵਿਧਾਨ ਸਭਾ ਚੋਣ ਹਲਕਾ 74 ਧਰਮਕੋਟ ਦੇ ਪੋਲਿੰਗ ਸਟੇਸ਼ਨ ਨੰਬਰ 131 ਅਤੇ 132 ਦਾ ਨਾਮ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਜਲਾਲਾਬਾਦ ਪੂਰਬੀ ਸੀ ਹੁਣ ਸਕੂਲ ਅਪਗਰੇਡ ਹੋਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਕਰ ਦਿੱਤਾ ਗਿਆ ਹੈ।




