ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ ਨੂੰ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ਸਬੰਧੀ ਦਿੱਤੀ ਟ੍ਰੇਨਿੰਗ
ਖਰਚਾ ਰਜਿਸਟਰ ਨੂੰ ਸਥਾਪਿਤ ਕਰਨ ਅਤੇ ਆਦਰਸ਼ ਚੋਣ ਜਾਬਤੇ ਦੇ ਨਿਯਮਾਂ ਬਾਰੇ ਦਿੱਤੀ ਵਿਸਥਾਰ ਸਹਿਤ ਜਾਣਕਾਰੀ

ਮੋਗਾ, 30 ਦਸੰਬਰ ( Charanjit Singh ) ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਮੋਗਾ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ ਦੀ, ਚੋਣਾਂ ਦੌਰਾਨ ਕੀਤੇ ਜਾ ਸਕਣ ਵਾਲੇ ਖਰਚੇ ਅਤੇ ਮਾਡਲ ਕੋਡ ਆਫ਼ ਕੰਡਕਟ ਦੇ ਨਿਯਮਾਂ ਦੀ ਪਾਲਣਾ ਸਬੰਧੀ ਇੱਕ ਟ੍ਰੇਨਿੰਗ ਦਾ ਆਯੋਜਨ ਡਿਪਟੀ ਕਮਿਸ਼ਨਰ ਮੋਗਾ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ।
ਇਸ ਮੀਟਿੰਗ ਵਿੱਚ ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ ਅਤੇ ਮੋਗਾ ਦੇ ਮਾਸਟਰ ਟ੍ਰੇਨਰ ਹਾਜ਼ਰ ਸਨ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦਾ ਐਲਾਨ ਕਿਸੇ ਵੀ ਸਮੇਂ ਭਾਰਤ ਚੋਣ ਕਮਿਸ਼ਨ ਵੱਲੋਂ ਕੀਤਾ ਜਾ ਸਕਦਾ ਹੈ। ਚੋਣਾਂ ਦੇ ਐਲਾਨ ਹੋਣ ਨਾਲ ਹੀ ਪੰਜਾਬ ਰਾਜ ਦੇ ਅੰਦਰ ਮਾਡਲ ਕੋਡ ਆਫ਼ ਕੰਡਕਟ ਲਾਗੂ ਹੋ ਜਾਵੇਗਾ, ਜਿਸ ਦੀ ਪਾਲਣਾ ਸਮੂਹ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ, ਉਨ੍ਹਾਂ ਦੇ ਨੁਮਾਇੰਦਿਆਂ ਅਤੇ ਉਮੀਦਵਾਰਾਂ ਵੱਲੋਂ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੀ ਸੀਮਾ 30 ਲੱਖ 80 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਕੋਈ ਵੀ ਉਮੀਦਵਾਰ ਉਸ ਸੀਮਾਂ ਤੋਂ ਵੱਧ ਖਰਚਾ ਨਹੀਂ ਕਰ ਸਕਦਾ। ਇਸ ਖਰਚੇ ਨੂੰ ਕਿਵੇਂ ਮੈਨਟੇਨ ਕਰਨਾ ਹੈ, ਇਸ ਸਬੰਧੀ ਭਾਰਤ ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਬਾਰੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ ਨੂੰ ਬਰੀਕੀ ਨਾਲ ਸਮਝਾਇਆ ਗਿਆ।
ਉਨ੍ਹਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪਣਾ ਖਰਚਾ ਰਜਿਸਟਰ ਜਰੂਰੀ ਤੌਰ ਤੇ ਮੈਨਟੇਨ ਕਰਨਗੇ, ਅਜਿਹਾ ਨਾ ਕਰਨ ਵਾਲੇ ਉਮੀਦਵਾਰ ਨੂੰ ਜੁਰਮਾਨਾ ਜਾਂ ਆਈ.ਪੀ.ਸੀ. ਦੀ ਧਾਰਾ 171 ਤਹਿਤ ਦੰਡ ਮਿਲ ਸਕਦਾ ਹੈ। ਲੋਕ ਪ੍ਰਤੀਨਿਧੀ ਐਕਟ 152 ਦੀ ਧਾਰਾ 77 ਤਹਿਤ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਨੋਮੀਨੇਸ਼ਨ ਭਰਨ ਵਾਲੇ ਦਿਨ ਤੋਂ ਚੋਣਾਂ ਦੇ ਨਤੀਜੇ ਵਾਲੇ ਦਿਨ ਤੱਕ ਆਪਣੇ ਖਰਚੇ ਦਾ ਹਿਸਾਬ ਇਸ ਰਜਿਸਟਰ ਵਿੱਚ ਦਰਜ ਕਰਨਾ ਪਵੇਗਾ, ਜਿਸਦੀ ਹੱਦ ਚੋਣ ਕਮਿਸ਼ਨ ਵੱਲੋਂ 30 ਲੱਖ 80 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਨਤੀਜੇ ਆਉਣ ਤੋਂ 30 ਦਿਨਾਂ ਦੇ ਅੰਦਰ ਅੰਦਰ ਇਸ ਖਰਚੇ ਦਾ ਹਿਸਾਬ ਉਮੀਦਵਾਰ ਨੂੰ ਦੇਣਾ ਪਵੇਗਾ।
ਉਪਰੋਕਤ ਤੋਂ ਇਲਾਵਾ ਚੋਣ ਸਮੱਗਰੀ ਛਪਵਾਉਣ ਸਬੰਧੀ, ਹੋਰ ਚੋਣ ਪ੍ਰਚਾਰ ਸਬੰਧੀ ਅਤੇ ਆਦਰਸ਼ ਚੋਣ ਜਾਬਤੇ ਦੇ ਨਿਯਮਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਸਾਂਝੀ ਕੀਤੀ ਗਈ।




