ਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
7 ਦਸੰਬਰ ਨੂੰ ਲੱਗੇਗਾ ‘ਹਾਈ ਐਂਡ ਜੌਬ ਫੇਅਰ’ ਅਤੇ 9 ਦਸੰਬਰ ਨੂੰ ‘ਸਵੈ – ਰੋਜ਼ਗਾਰ ਮੇਲਾ’
ਨੌਜਵਾਨ ਇਹਨਾਂ ਮੇਲਿਆਂ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਪੂਰਾ ਲਾਭ ਲੈਣ - ਡਿਪਟੀ ਕਮਿਸ਼ਨਰ

ਮੋਗਾ, 6 ਦਸੰਬਰ ( Charanjit Singh ) – ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਪੱਧਰ ਉੱਤੇ ਮਿਤੀ 7 ਦਸੰਬਰ ਨੂੰ ‘ਹਾਈ ਐਂਡ ਜੌਬ ਫੇਅਰ’ ਅਤੇ 9 ਦਸੰਬਰ ਨੂੰ ‘ਸਵੈ – ਰੋਜ਼ਗਾਰ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੀ ਉਮੀਦ ਹੈ। ਇਸ ਸਬੰਧੀ ਤਿਆਰੀਆਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਵੱਲੋਂ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ।
ਸ਼੍ਰੀ ਨਈਅਰ ਨੇ ਨੌਜਵਾਨਾਂ ਨੂੰ ਇਹਨਾਂ ਮੇਲਿਆਂ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਪੂਰਾ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੇਲੇ ਵਿਚ ਭਾਗ ਲੈਣ ਵਾਲੇ ਹਰੇਕ ਨੌਜਵਾਨ ਨੂੰ ਰੋਜ਼ਗਾਰ ਮਿਲ ਸਕਦਾ ਹੈ। ਮਿਤੀ 7 ਦਸੰਬਰ ਨੂੰ ਲੱਗਣ ਵਾਲੇ ‘ਹਾਈ ਐਂਡ ਜੌਬ ਫੇਅਰ’ ਵਿਚ ਲੁਧਿਆਣਾ ਸਮੇਤ ਪੰਜਾਬ ਦੇ ਕਈ ਖੇਤਰਾਂ ਤੋਂ ਮਸ਼ਹੂਰ ਕੰਪਨੀਆਂ ਭਾਗ ਲੈਣ ਲਈ ਆ ਰਹੀਆਂ ਹਨ। ਇਹ ਮੇਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਸਥਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮਿਤੀ 9 ਦਸੰਬਰ ਨੂੰ ‘ਸਵੈ – ਰੋਜ਼ਗਾਰ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਸੈਂਕੜੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਨ ਦਾ ਟੀਚਾ ਹੈ। ਇਸ ਵਿਚ ਜ਼ਿਲ੍ਹਾ ਉਦਯੋਗ ਕੇਂਦਰ, ਲੀਡ ਬੈਂਕ, ਐੱਸ ਸੀ ਕਾਰਪੋਰੇਸ਼ਨ, ਬੀ ਸੀ ਕਾਰਪੋਰੇਸ਼ਨ, ਡੇਅਰੀ ਵਿਭਾਗ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਨੌਜਵਾਨਾਂ ਨੂੰ ਕਰਜ਼ਾ ਦੇਣ ਬਾਰੇ ਕੇਸ ਕਲੀਅਰ ਕੀਤੇ ਜਾਣਗੇ। ਉਹਨਾਂ ਲੀਡ ਬੈਂਕ ਮੈਨੇਜਰ ਨੂੰ ਹਦਾਇਤ ਕੀਤੀ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਬੈਂਕਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਜਾਵੇ। ਯੋਗ ਨੌਜਵਾਨਾਂ ਨੂੰ ਤੁਰੰਤ ਕਰਜ਼ਾ ਮੁੱਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਸੇ ਤਰ੍ਹਾਂ ਕਰਜ਼ਾ ਲੈਣ ਵਾਲੇ ਨੌਜਵਾਨਾਂ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲੋੜੀਂਦੀ ਸਿਖਲਾਈ ਦਿੱਤੀ ਜਾਵੇ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਵਿਜਿਟ ਕਰਵਾਈ ਜਾਣੀ ਹੈ। ਇਸ ਵਿਜਿਟ ਰਾਹੀਂ ਵਿਦਿਆਰਥੀਆਂ ਨੂੰ ਬਿਊਰੋ ਦੀ ਕਾਰਜਪ੍ਰਣਾਲੀ ਅਤੇ ਗਤੀਵਿਧੀਆਂ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ, ਸਰਕਾਰੀ ਆਈ ਟੀ ਆਈਜ਼ ਅਤੇ ਗੁਰੂ ਤੇਗ ਬਹਾਦੁਰ ਪੋਲੀਟੈਕਨਿਕ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਇਹ ਵਿਜਿਟ ਕਰਵਾਈ ਜਾਵੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ ਅਤੇ ਹੋਰ ਹਾਜ਼ਰ ਸਨ।





