ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪਿੰਡ ਅਟਾਰੀ ਵਿਖੇ ਲਗਾਇਆ ਕਿਸਾਨ ਸਿਖਲਾਈ/ਜਾਗਰੂਕਤਾ ਕੈਂਪ
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਜਾਂ ਇਸ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਦਿੱਤਾ ਸੰਦੇਸ਼

ਮੋਗਾ 19 ਅਕਤੂਬਰ(Charanjit Singh):-
ਅੱਜ ਪਿੰਡ ਅਟਾਰੀ, ਬਲਾਕ ਕੋਟ ਈਸੇ ਖਾਂ ਵਿਖੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਮੰਤਵ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਆਪਣੇ ਖੇਤਾਂ ਵਿਚ ਹੀ ਵਾਹੁਣ ਜਾਂ ਇਸ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਸੰਦੇਸ਼ ਦੇਣਾ ਸੀ, ਉਥੇ ਹਾੜ੍ਹੀ ਦੇ ਸੀਜ਼ਨ ਦੀਆਂ ਵੱਖ ਵੱਖ ਫਸਲਾਂ ਦੀ ਬੀਜ ਬਿਜਾਈ ਤੋਂ ਲੈ ਕੇ ਵਢਾਈ ਤੱਕ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣਾ ਵੀ ਸੀ। ਇਸ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਵਿਚ ਖੇਤੀਬਾੜੀ ਵਿਭਾਗ ਮੋਗਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਵੱਖ ਵੱਖ ਮੁੱਦਿਆਂ ਸਬੰਧੀ ਜਾਗਰੂਕ ਕੀਤਾ। ਕੈਂਪ ਵਿੱਚ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਸ: ਇੰਦਰਜੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਸ: ਇੰਦਰਜੀਤ ਸਿੰਘ ਧਾਲੀਵਾਲ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨ ਖੇਤੀ ਮਾਹਿਰਾਂ ਦੀ ਰਾਇ ਅਨੁਸਾਰ ਹੀ ਖੇਤੀ ਇਨਪੁਟਸ ਵਰਤਣ ਅਤੇ ਪੱਕੇ ਬਿੱਲ ਜ਼ਰੂਰ ਲੈਣ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਦਾ ਸੰਖੇਪ ਵਰਨਣ ਕੀਤਾ।
ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ ਨੇ ਪਰਾਲੀ ਦੀਆਂ ਗੱਠਾਂ ਬੰਨਣ ਦੀਆਂ ਪ੍ਰਦਰਸ਼ਨੀਆਂ ਦਾ ਜ਼ਾਇਜ਼ਾ ਲੈਂਦੇ ਕਿਹਾ ਕਿ ਇਲਾਕੇ ਵਿਚ ਸੰਤ ਬਾਬਾ ਗੁਰਮੀਤ ਸਿੰਘ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਉਨ੍ਹਾਂ ਦੇ ਉੱਦਮ ਕਰਕੇ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਸੁੱਚਜੇ ਢੰਗ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਅਤੇ ਇਸ ਦੀਆਂ ਗੱਠਾਂ ਆਦਿ ਬਣਵਾ ਕੇ ਸੁੱਚਜੇ ਢੰਗ ਨਾਲ ਸਾਂਭ-ਸੰਭਾਲ ਕਰਨੀ ਚਾਹੀਦੀ ਹੈ, ਜਿਹੜੀ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਅਤੇ ਭੂਮੀ ਦੀ ਸਿਹਤ ਵੀ ਬਰਕਰਾਰ ਰੱਖੀ ਜਾਵੇ।
ਇਸ ਮੌਕੇ ਤੇ ਬਾਬਾ ਗੁਰਮੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਪਸ਼ੁ ਜ਼ਰੂਰ ਪਾਲਣ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿਹਤਯਾਬ ਹੋਣ। ਉਨ੍ਹਾਂ ਗੁਰਬਾਣੀ ਅਨੁਸਾਰ ਵਾਤਾਵਰਨ ਪ੍ਰੇਮੀ ਹੋਣ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ਮੌਜੂਦ ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ: ਬਲਵਿੰਦਰ ਸਿੰਘ ਨੇ ਕਿਸਾਨ ਹਿੱਤ ਵਿਚ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਵਰਨਣ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਲਈ ਖਾਦ ਅਤੇ ਬੀਜ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਅਰਵਿੰਦ ਬੇਦੀ ਸੁਖਬੀਰ ਐਗਰੋ ਐਨਰਜੀ ਪ੍ਰਾਈਵੇਟ ਲਿਮ: ਨੇ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬੰਨਵਾਉਣ ਦੀ ਅਪੀਲ ਕੀਤੀ। ਇਸ ਕੈਂਪ ਵਿਚ ਡਾ: ਰਮਨਦੀਪ ਕੌਰ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਖੇਤੀ ਮਸ਼ੀਨਰੀ, ਡਾ: ਪ੍ਰਭਜੋਤ ਕੌਰ ਨੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਵਧੇਰੇ ਦੁੱਧ ਦੇਣ ਦੇ ਨੁਕਤੇ, ਡਾ. ਪ੍ਰੇਰਨਾ ਠਾਕੁਰ ਨੇ ਸਬਜ਼ੀਆਂ ਦੀ ਕਾਸ਼ਤ, ਡਾ: ਨਵਜੋਤ ਕੌਰ ਨੇ ਮੱਛੀ ਪਾਲਣ, ਡਾ. ਜਸਵਿੰਦਰ ਸਿੰਘ ਬਰਾੜ ਨੇ ਵੱਖ ਵੱਖ ਫਸਲਾਂ ਦੇ ਸੁੱਚਜੇ ਬੀਜ ਪ੍ਰਬੰਧ, ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਵਣ ਅਤੇ ਫ਼ਲਦਾਰ ਪੌਦਿਆਂ ਦੀ ਮਹੱਤਤਾ ਅਤੇ ਡਾ: ਵੀਰਪ੍ਰਤਾਪ ਸਿੰਘ ਨੇ ਡੇਅਰੀ ਵਿਭਾਗ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਟ੍ਰੇਨਿੰਗਾਂ ਦਾ ਵਰਨਣ ਕੀਤਾ, ਜਿਨ੍ਹਾਂ ਰਾਹੀਂ ਕਿਸਾਨ ਡੇਅਰੀ ਦੇ ਧੰਦੇ ਵਿਚੋਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਡਾ: ਅਮਨਦੀਪ ਸਿੰਘ ਬਰਾੜ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਅਤੇ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਦੇ ਮੁੱਖ ਨੁਕਤੇ, ਨਦੀਨਾਂ ਦੀ ਰੋਕਥਾਮ, ਸਰੋਂ ਦੀ ਖੇਤੀ ਸਬੰਧੀ ਦੱਸਿਆ ਅਤੇ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ।
ਇਸ ਮੌਕੇ ਤੇ ਸ੍ਰੀ ਸਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ, ਗੁਰਬੀਰ ਸਿੰਘ ਗੋਗਾ, ਬੂਟਾ ਸਿੰਘ ਦੌਲਤਪੁਰਾ, ਸ੍ਰੀ ਜਸਵਿੰਦਰ ਸਿੰਘ ਬਲਖੰਡੀ, ਪ੍ਰਿਤਪਾਲ ਸਿੰਘ, ਜ਼ਿਲ੍ਹੇ ਦੇ ਵੱਖ ਵੱਖ ਕੋਨਿਆਂ ਵਿੱਚੋਂ ਆਏ ਕਿਸਾਨ, ਪੰਚ ਅਤੇ ਸਰਪੰਚ ਅਤੇ ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ। ਕੈਪ ਵਿਚ ਮੰਚ ਦਾ ਸੰਚਾਲਨ ਡਾ. ਨਵਦੀਪ ਜੌੜਾ ਨੇ ਬਹੁਤ ਹੀ ਸੁਹਿਰਦਤਾ ਨਾਲ ਨਿਭਾਇਆ।




