ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨਾਲ ਸੁਪਰ ਐਸ.ਐਮ.ਐਸ. ਦੀ ਮਹੱਤਤਾ ਸਬੰਧੀ ਜਾਣਕਾਰੀ ਕੀਤੀ ਸਾਂਝੀ
ਸੁਪਰ ਐਸ.ਐਮ.ਐਸ. ਨਾਲ ਕੱਟੀ ਫ਼ਸਲ ਵਾਲੇ ਖੇਤ ਵਿੱਚ ਪਰਾਲੀ ਦਾ ਨਿਪਟਾਰਾ ਸੁਖਾਲਾ-ਬਲਵਿੰਦਰ ਸਿੰਘ --ਪਰਾਲੀ ਨੂੰ ਬਿਨਾਂ ਅੱਗ ਲਗਾਏ, ਕਣਕ ਦੀ ਬਿਜਾਈ ਵਿੱਚ ਵੀ ਹੋਵੇਗੀ ਆਸਾਨੀ

ਮੋਗਾ, 16 ਅਕਤੂਬਰ(Charanjit Singh) ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਬਲਵਿੰਦਰ ਸਿੰਘ ਨੇ ਜ਼ਿਲਾ ਦੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੈਜਿਸਟ੍ਰੇਟ ਮੋਗਾ ਵੱਲੋਂ ਜ਼ਿਲਾ ਵਿੱਚ ਝੋਨੇ ਦੀ ਕਟਾਈ ਵਾਲੀਆਂ ਕੰਬਾਈਨਾਂ ਨੂੰ ਬਿਨਾਂ ਸੁਪਰ ਐਸ.ਐਮ.ਐਸ. ਤੋਂ ਚਲਾਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨਾਂ ਕਿਹਾ ਕਿ ਕਿਸਾਨ ਅਤੇ ਕੰਬਾਈਨ ਮਾਲਕ ਇਨਾਂ ਆਦੇਸ਼ਾਂ ਤੋਂ ਭਲੀ ਭਾਂਤੀ ਜਾਣੂੰ ਹਨ।
ਡਾ. ਬਲਵਿੰਦਰ ਸਿੰਘ ਨੇ ਦੱਸਿਆ ਨੇ ਕਿ ਇਸ ਦਫ਼ਤਰ ਵੱਲੋਂ ਲਗਾਏ ਜਾਂਦੇ ਜਾਗਰੂਕਤਾ ਕੈਂਪਾਂ ਵਿੱਚ ਕੁਝ ਕਿਸਾਨਾਂ ਵੱਲੋਂ ਸੁਪਰ ਐਸ.ਐਮ.ਐਸ. ਸਬੰਧੀ ਬਹੁਤ ਸਵਾਲ ਕੀਤੇ ਜਾਂਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਦੇਣੀ ਬੜੀ ਮਹੱਤਵਪੂਰਨ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਸੁਪਰ ਐਸ.ਐਮ.ਐਸ. ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੰਬਾਈਨ ਹਾਰਵੈਸਟਰ ਦੇ ਪਿਛਲੇ ਪਾਸੇ ਲਗਾਈ ਜਾਂਦੀ ਹੈ ਅਤੇ ਇਹ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਡੇਗਣ ਤੋਂ ਪਹਿਲਾਂ ਉਸਨੂੰ ਬਹੁਤ ਹੀ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਦਿੰਦੀ ਹੈ, ਜਿਸ ਨਾਲ ਇਹ ਖੇਤ ਵਿੱਚ ਬੜੀ ਹੀ ਆਸਾਨੀ ਨਾਲ ਗਲ ਜਾਂਦੀ ਹੈ। ਉਨਾਂ ਦੱਸਿਆ ਕਿ ਵਾਢੀ ਵੇਲੇ ਪਰਾਲੀ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਨਮੀ ਵੀ ਹੁੰਦੀ ਹੈ, ਛੋਟੇ ਛੋਟੇ ਟੁਕੜਿਆਂ ਵਿੱਚ ਕੱਟੀ ਹੋਣ ਕਰਕੇ ਇਹ ਬਹੁਤ ਥੋੜੇ ਸਮੇਂ ਵਿੱਚ ਹੀ ਸੁੱਕ ਜਾਂਦੀ ਹੈ। ਉਨਾਂ ਦੱਸਿਆ ਕਿ ਸੁਪਰ ਐਸ.ਐਮ.ਐਸ. ਨਾਲ ਕਿਸਾਨਾਂ, ਵਾਤਾਵਰਨ ਅਤੇ ਧਰਤੀ ਨੂੰ ਬਹੁਤ ਹੀ ਫਾਇਦੇ ਹੁੰਦੇ ਹਨ। ਇਸ ਨਾਲ ਬਿਜਾਈ ਵਾਲੀ ਮਸ਼ੀਨ ਜਿਹੜੀ ਵੀ ਕਿਸਾਨ ਵਰਤਣੀ ਚਹੁੰਦੇ ਹਨ ਜਿਵੇਂ ਕਿ ਹੈਪੀ ਸੀਡਰ ਜਾਂ ਸੁਪਰ ਸੀਡਰ ਵਿੱਚ ਪਰਾਲੀ ਫਸੇਗੀ ਨਹੀਂ ਅਤੇ ਉਹ ਬੜੀ ਆਸਾਨੀ ਨਾਲ ਅਗਲੀ ਫ਼ਸਲ ਦੀ ਬਿਜਾਈ ਕਰ ਸਕੇਗੀ।
ਉਨਾਂ ਦੱਸਿਆ ਕਿ ਕਈ ਕਿਸਾਨ ਜਾਂ ਕੰਬਾਈਨ ਮਾਲਕ ਇਹ ਵੀ ਕਹਿੰਦੇ ਹਨ ਕਿ ਸੁਪਰ ਐਸ.ਐਮ.ਐਸ. ਨਾਲ ਕੰਬਾਈਨ ਉੱਪਰਲਾ ਲੋਡ ਵਧਦਾ ਹੈ ਜਿਹੜੀ ਕਿ ਬਿਲਕੁਲ ਗਲਤ ਧਾਰਨਾ ਬਣੀ ਹੋਈ ਹੈ। ਸੁਪਰ ਐਸ.ਐਮ.ਐਸ. ਨਾਲ ਮਸ਼ੀਨ ਉੱਪਰ ਕੋਈ ਵਾਧੂ ਲੋਡ ਨਹੀਂ ਬਣਦਾ ਸਗੋਂ ਇਸ ਨਾਲ ਮਸ਼ੀਨ ਬੜੀ ਹੀ ਆਸਾਨੀ ਨਾਲ ਚਲਦੀ ਹੈ। ਉਨਾਂ ਕੰਬਾਈਨ ਮਾਲਕਾਂ ਨੂੰ ਸੁਪਰ ਐਸ.ਐਮ.ਐਸ. ਦਾ ਸੈਂਸਰ ਜਿਹੜਾ ਕਿ ਕੰਬਾਈਨ ਮਾਲਕ ਨੂੰ ਇਸਦੇ ਚਾਲੂ ਹੋਣ ਬਾਰੇ ਦੱਸਦਾ ਰਹਿੰਦਾ ਹੈ, ਜਰੂਰੀ ਲਗਾਉਣ ਦੀ ਅਪੀਲ ਕੀਤੀ, ਜਿਸਨੂੰ ਕਿ ਸਾਧਾਰਨ ਭਾਸ਼ਾ ਵਿੱਚ ਆਰ.ਪੀ.ਐਮ. ਮੀਟਰ ਵੀ ਕਿਹਾ ਜਾਂਦਾ ਹੈ। ਇਸਦੀ ਸਹੀ ਗਤੀ 1600 ਤੋਂ 1800 ਆਰ.ਪੀ.ਅੇੈਮ. ਵਿਚਕਾਰ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਸੁਪਰ ਐਸ.ਐਮ.ਐਸ. ਵਿੱਚ ਲੱਗੇ ਬਲੇਡਾਂ ਨੂੰ ਜਿਆਦਾ ਨਹੀਂ ਕਸਣਾ ਚਾਹੀਦਾ ਕਿਉਂਕਿ ਜਿਆਦਾ ਕਸਣ ਨਾਲ ਇਹ ਪਰਾਲ ਦੀ ਸਫ਼ਾਈ ਬਹੁਤ ਚੰਗੀ ਤਰਾਂ ਨਹੀਂ ਕਰ ਪਾਉਂਦੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਵੀਰਾਂ ਨਾਲ ਉਪਰੋਕਤ ਜਾਣਕਾਰੀ ਸਾਂਝੀ ਕਰਨ ਦਾ ਮੁੱਖ ਮਨੋਰਥ ਇਹੀ ਸੀ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਤਾਂ ਕਰਕੇ ਲਗਾਉਂਦੇ ਹਨ ਕਿਉਂਕਿ ਅਗਲੀ ਫ਼ਸਲ ਦੀ ਬਿਜਾਈ ਵਾਲੀ ਮਸ਼ੀਨ ਇਸ ਪਰਾਲੀ ਵਿੱਚ ਚੰਗੀ ਤਰਾਂ ਚੱਲ ਨਹੀਂ ਸਕਦੀ ਪਰ ਜਦੋਂ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਕਟਾਈ ਹੁੰਦੀ ਹੈ ਤਾਂ ਕਣਕ ਦੀ ਬਿਜਾਈ ਵਾਲੀ ਮਸ਼ੀਨ ਬੜੀ ਹੀ ਆਸਾਨੀ ਨਾਲ ਚੱਲ ਜਾਂਦੀ ਹੈ ਅਤੇ ਇਸ ਵਿੱਚ ਝੋਨੇ ਦੀ ਪਰਾਲੀ ਬਿਲਕੁਲ ਵੀ ਨਹੀਂ ਫਸਦੀ।
ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਖੇਤਾਂ ਵਿੱਚ ਨਾ ਜਲਾ ਕੇ ਕਣਕ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ, ਕਿਉਂਕਿ ਇਸ ਨਾਲ ਕਿਸਾਨਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋਣ ਦੇ ਨਾਲ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ।



