*_ਮਾਣੂੰਕੇ ਦੀ ਧਰਤੀ ਦਾ ਜੰਮਪਲ “ਦੋ ਸੌ ਡਾਲਰ ਇਨ ਹੈਂਡ ਹੋਇੰਗਿਓ ਤਾਂ ਕਨੇਡਾ ਜਾਇੰਗਿਓ” ਵਾਲ਼ਾ : ਇੰਦਰ ਮਾਣੂੰਕੇ_*

ਮੋਗਾ 4 ਜੂਨ ( ਚਰਨਜੀਤ ਸਿੰਘ ਗਾਹਲਾ) ਦੋਸਤੋ ਜ਼ਿੰਦਗੀ ਵਿੱਚ ਇਨਸਾਨ ਵਪਾਰ,ਧਰਮ,ਰਾਜਨੀਤੀ, ਪੈਸਾ ਆਦਿ ਹੋਰ ਵੀ ਬਹੁਤ ਸਾਰੇ ਵਸੀਲਿਆਂ ਨਾਲ ਮਸ਼ਹੂਰ ਹੁੰਦਾ ਹੈ, ਜਾਂ ਹੋ ਸਕਦਾ ਹੈ। ਪਰ ਕਿਸੇ ਕਲਾ ਨਾਲ ਜੁੜ ਕੇ ਉਸਦੇ ਖੇਤਰ ਵਿੱਚ ਮਿਹਨਤ ਕਰ ਕੇ ਇਨਸਾਨ ਆਪਣੇ ਚਾਹੁਣ ਵਾਲਿਆਂ ਦਾ ਦਾਇਰਾ ਵਧਾ ਕੇ ਪ੍ਰਸਿੱਧੀ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਸਕਦਾ ਹੈ। ਇਸੇ ਹੀ ਸੰਦਰਭ ਵਿੱਚ ਸਿਨੇਮਾ ਜਾਂ ਫਿਲਮਾਂ ਅੱਜ ਦੇ ਸਮੇਂ ਵਿੱਚ ਇੱਕ ਵੱਡਾ ਪਲੇਟਫਾਰਮ ਹਨ। ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦਾ ਦਰਸ਼ਕਾਂ ਦੇ ਦਿਲਾਂ ਵਿੱਚ ਅਹਿਮ ਤੇ ਸਤਿਕਾਰਯੋਗ ਸਥਾਨ ਹੁੰਦਾ ਹੈ। ਇਸ ਸਥਾਨ ਨੂੰ ਹਾਸਲ ਕਰਨ ਲਈ ਉਨ੍ਹਾਂ ਕਲਾਕਾਰਾਂ ਦੀ ਸਾਲਾਂ ਦੀ ਮਿਹਨਤ ਹੁੰਦੀ ਹੈ। ਅਜਿਹੇ ਹੀ ਮਿਹਨਤੀ ਤੇ ਉਭਰਦੇ ਹੋਏ ਪੰਜਾਬੀ ਫਿਲਮੀਂ ਸਿਤਾਰੇ ਨੂੰ ਮੈਂ ਆਪਣੇ ਇਸ ਆਰਟੀਕਲ ਰਾਹੀਂ ਤੁਹਾਡੇ ਰੂ-ਬ-ਰੂ ਕਰਵਾਉਣ ਜਾ ਰਿਹਾ ਹਾਂ। ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਦੀ ਧਰਤੀ ਦਾ ਜੰਮਪਲ “ਇੰਦਰ ਮਾਣੂੰਕੇ” ਅੱਜ-ਕੱਲ੍ਹ ਵਿਹਲੀ ਜੰਤਾ ਫ਼ਿਲਮਜ਼ ਤੇ ਸ਼ਰਨ ਆਰਟ ਦੀ ਬਹੁ ਚਰਚਿਤ ਇਤਿਹਾਸਕ ਫ਼ਿਲਮ “ਗੁਰੂ ਨਾਨਕ ਜਹਾਜ਼” ਵਿਚਲੇ “ਦੋ ਸੌ ਡਾਲਰ ਇਨ ਹੈਂਡ ਹੋਇੰਗਿਓ, ਤਾਂ ਕਨੇਡਾ ਜਾਇੰਗਿਓ” ਵਾਲਾ ਡਾਇਲਾਗ ਬੋਲਣ ਵਾਲੇ ਭੋਲੇ਼ ਜਿਹੇ ਚੰਨਣ ਸਿੰਘ ਦੇ ਕਿਰਦਾਰ ਨਾਲ ਕਾਫ਼ੀ ਚਰਚਾ ਵਿੱਚ ਹੈ। ਇੱਕ ਮਈ ਵੀਹ ਸੌ ਪੱਚੀ ਨੂੰ ਰਿਲੀਜ਼ ਹੋਈ ਤਰਸੇਮ ਜੱਸੜ ਦੀ ਫ਼ਿਲਮ “ਗੁਰੂ ਨਾਨਕ ਜਹਾਜ਼” ਇੱਕ ਇਤਿਹਾਸਕ ਫ਼ਿਲਮ ਹੈ, ਜਿਸ ਵਿੱਚ ਸਾਡੇ ਗੁਲਾਮ ਦੇਸ਼ ਦੇ ਇਤਿਹਾਸ ਦੇ ਇੱਕ ਸੌ ਗਿਆਰਾਂ ਸਾਲ ਪੁਰਾਣੇ ਕਾਮਾਗਾਟਾਮਾਰੂ ਜਹਾਜ਼ ਦੇ ਉਸ ਅਣਛੋਹੇ ਅਧਿਆਇ ਨੂੰ ਸਿਨੇਮੇ ਦੇ ਪਰਦੇ ਤੇ ਲਿਆ ਕੇ ਸਾਡੀ ਅਜੋਕੀ ਪੀੜ੍ਹੀ ਨੂੰ ਜਾਣੂ ਕਰਾਉਣ ਦਾ ਸਫ਼ਲ ਤੇ ਸ਼ਲਾਘਾਯੋਗ ਯਤਨ ਕੀਤਾ ਗਿਆ ਹੈ, ਜਿਸ ਦੇ ਪੁਲੇਠੇ ਸ਼ਹੀਦਾਂ ਸਦਕਾ ਅੱਜ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਆਪਣੀ ਠੁੱਕ ਬਣਾਉਣ ਦੇ ਕਾਬਲ ਹੋਏ ਹਨ। ਜੇਕਰ ਇਹ ਕਹੀਏ ਕਿ ਅਜਿਹੇ ਮੁੱਦੇ ਤੇ ਫਿਲਮ ਬਨਾਉਣਾ ਵੱਡੇ ਜਿਗਰੇ ਵਾਲੇ ਜੁਝਾਰੂਆਂ ਦਾ ਹੀ ਕੰਮ ਹੈ, ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਰਨ ਆਰਟ,ਹਰਨਵ ਬੀਰ ਸਿੰਘ, ਤਰਸੇਮ ਜੱਸੜ ਤੇ ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਕਹਾਣੀ,ਸਟਾਰ ਕਾਸਟਿੰਗ,ਵੀ ਐਫ ਐਕਸ,ਕਾਸਟਿਊਮਜ਼ ਆਦਿ ਹਰ ਪਹਿਲੂ ਵਿੱਚ ਉਨ੍ਹਾਂ ਦੇ ਜਨੂਨ ਦੇ ਝਲਕਾਰੇ ਮਾਰਦੀ ਦਿੱਸਦੀ ਹੈ। ਤਰਸੇਮ ਜੱਸੜ ਨੇ ਮੇਵਾ ਸਿੰਘ ਲੋਪੋਕੇ ਦੇ ਕਿਰਦਾਰ ਨੂੰ ਇਸ ਤਰ੍ਹਾਂ ਧੁਰ ਅੰਦਰ ਤੱਕ ਖੁੱਭ ਕੇ ਨਿਭਾਇਆ ਹੈ ਕਿ ਪੂਰੀ ਫ਼ਿਲਮ ਵਿੱਚ ਤਰਸੇਮ ਜੱਸੜ ਤਾਂ ਇੱਕ ਤਰ੍ਹਾਂ ਨਾਲ ਅਲੋਪ ਹੀ ਹੈ,ਪਰ ਮੇਵਾ ਸਿੰਘ ਲੋਪੋਕੇ ਉਜਾਗਰ ਹੈ। ਜਹਾਜ਼ ਦੇ ਮੁਸਾਫ਼ਰਾਂ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਦੇ ਕੁੱਝ ਡਾਇਲਾਗਾਂ ਵਿੱਚ ਪੰਜਾਬ ਦੇ ਵੱਖ ਵੱਖ ਖਿੱਤਿਆਂ ਮਾਲ਼ਵਾ,ਮਾਝਾ ਤੇ ਪੁਆਧ ਆਦਿ ਦੀ ਬੋਲੀ ਨੂੰ ਵੀ ਨਿਵੇਕਲੇ਼ਪਨ ਨਾਲ ਪੇਸ਼ ਕੀਤਾ ਗਿਆ ਹੈ ਅਤੇ ਸਭ ਤੋ ਵੱਡੀ ਗੱਲ ਓਸ ਸਮੇਂ ਦੇ ਪਹਿਰਾਵੇ,ਪੱਗਾਂ ਬੰਨ੍ਹਣ ਦੇ ਢੰਗ ਆਦਿ ਨਾਲ ਦਰਸ਼ਕਾਂ ਨੂੰ ਓਸੇ ਦੌਰ ਵਿੱਚ ਘੁੰਮਦੇ ਫਿਰਦੇ ਮਹਿਸੂਸ ਕਰਵਾਇਆ ਗਿਆ ਹੈ।
ਇੰਦਰ ਮਾਣੂੰਕੇ ਨੂੰ ਵੀ ਇਸ ਨਿਵੇਕਲੀ਼ ਇਤਿਹਾਸਕ ਫ਼ਿਲਮ ਦਾ ਹਿੱਸਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਸਨੇ ਵੀ ਆਪਣੀ ਮਿਹਨਤ ਤੇ ਲਗਨ ਨਾਲ਼ ਕੀਤੀ ਅਦਾਕਾਰੀ ਦੁਆਰਾ ਭੋਲ਼ੇ-ਭਾਲ਼ੇ ਸੁਭਾਅ ਵਾਲੇ ਚੰਨਣ ਸਿੰਘ ਦਾ ਕਿਰਦਾਰ ਨਿਭਾਉਂਦਿਆਂ, ਇਸ ਮਿਲੇ ਹੋਏ ਮਾਣ ਦਾ ਪੂਰਾ ਮੁੱਲ ਮੋੜ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਕਾਇਮ ਕੀਤੀ ਹੈ। ਐਵੇਂ ਤਾਂ ਨਹੀਂ ਫਿਲਮ ਵੇਖ ਕੇ ਆਇਆ ਹਰ ਦਰਸ਼ਕ ਉਸਦੇ “ਦੋ ਸੌ ਡਾਲਰ ਇਨ ਹੈਂਡ ਹੋਇੰਗਿਓ ਤਾਂ ਕਨੇਡਾ ਜਾਇੰਗਿਓ” ਵਾਲ਼ੇ ਡਾਇਲਾਗ ਨੂੰ ਰਟੀ ਜਾ ਰਿਹਾ। ਫ਼ਿਲਮ ਵਿੱਚ ਲੈਂਡਿੰਗ ਡਾਕੂਮੈਂਟ ਲੱਭਣ ਵਾਲੇ ਸੀਨ ਵਿੱਚ ਜਦੋਂ ਕਾਗ਼ਜ਼ ਨਾ ਮਿਲਣ ਕਾਰਨ ਸਾਰੇ ਚਿੰਤਾ ਵਿੱਚ ਡੁੱਬੇ ਹੋਏ ਹੁੰਦੇ ਹਨ, ਤਾਂ ਅਚਾਨਕ ਅਫ਼ਸਰਾਂ ਨੂੰ ਡਾਕੂਮੈਂਟ ਲਿਆ ਕੇ ਪੇਸ਼ ਕਰਦਾ ਹੋਇਆ ਉਹ ਇਸ ਇਕੱਲੇ ਸੀਨ ਦਾ ਹੀਰੋ ਜਿਹਾ ਬਣ ਕੇ ਨਿੱਤਰਦਾ ਹੈ ਤੇ ਸਭ ਦੇ ਮੁਰਝਾਏ ਹੋਏ ਚਿਹਰਿਆਂ ਤੇ ਰੌਣਕ ਲਿਆ ਦਿੰਦਾ ਹੈ। ਜਹਾਜ਼ ਤੇ ਚੜ੍ਹਦਿਆਂ ਸਾਰ ਹੀ “ਸਕਾ ਤਾਂ ਇੱਕ ਹੋਊ, ਦੋ, ਤਿੰਨ ਜਾਂ ਪੰਜ ਹੋਓਂਗੇ,ਮੇਰੇ ਤਾਂ ਸਾਰੇ ਈ ਭਾਈ ਨੇ” ਵਾਲ਼ਾ ਡਾਇਲਾਗ ਬੋਲਦਿਆਂ ਉਸਦੀ ਸਭ ਨੂੰ ਆਪਣਾ ਸਮਝਣ ਵਾਲੀ ਮਾਸੂਮੀਅਤ ਦਰਸ਼ਕਾਂ ਨੂੰ ਉਦੋਂ ਤੋਂ ਹੀ ਆਪਣੇ ਕਿਰਦਾਰ ਨਾਲ ਜੋੜ ਲੈਂਦੀ ਹੈ।
ਗੁਰੂ ਨਾਨਕ ਜਹਾਜ਼ ਤੋਂ ਪਹਿਲਾਂ ਇੰਦਰ ਮਾਣੂੰਕੇ ਨੇ ਡੀਅਰ ਜੱਸੀ,ਯੂਥ ਫੈਸਟੀਵਲ,ਮੌੜ,ਮਸਤਾਨੇ, ਵਾਰਨਿੰਗ ਟੂ,ਬੀਬੀ ਰਜਨੀ ਤੇ ਅਕਾਲ ਵਰਗੀਆਂ ਨਾਮਵਰ ਫਿਲਮਾਂ ਵਿੱਚ ਕੰਮ ਕੀਤਾ ਹੈ। ਪਰ ਇਹ ਫ਼ਿਲਮ ਵੀ ਇਤਿਹਾਸਕ ਹੈ, ਤੇ ਇੰਦਰ ਦੁਆਰਾ ਨਿਭਾਇਆ ਗਿਆ ਇਹ ਕਿਰਦਾਰ ਵੀ ਉਸਦੀ ਅਦਾਕਾਰੀ ਦੇ ਸਫ਼ਰ ਦਾ ਇਤਿਹਾਸਕ ਕਿਰਦਾਰ ਹੋ ਨਿਬੜਿਆ ਹੈ ਜਿਸਨੇ ਉਸਦੇ ਚਿਹਰੇ ਨੂੰ ਲੋਕਾਂ ਦੇ ਚੇਤਿਆਂ ਵਿੱਚ ਵਸਾਇਆ ਹੈ। ਪਰ ਇਸ ਪ੍ਰਾਪਤੀ ਦੇ ਪਿੱਛੇ ਉਸਦੀ ਜ਼ਮੀਨੀ ਤੌਰ ਤੇ ਕਈ ਸਾਲਾਂ ਦੀ ਮਿਹਨਤ ਰੂਪੀ ਤਪੱਸਿਆ ਹੈ। ਰੰਗਮੰਚ ਨੂੰ ਪਿਆਰ ਕਰਨ ਵਾਲੇ ਇਸ ਰੰਗਕਰਮੀ ਨੇ “ਭੱਠ ਖੇੜਿਆਂ ਦਾ ਰਹਿਣਾ” ਤੇ “ਚਾਂਦਨੀ ਚੌਂਕ ਤੋਂ ਸਰਹਿੰਦ ਤੱਕ” ਵਰਗੇ ਮਸ਼ਹੂਰ ਨਾਟਕਾਂ ਰਾਹੀਂ ਕਈ ਵੱਡੀਆਂ ਸਟੇਜਾਂ ਤੇ ਆਪਣੇ ਅਭਿਨੈ ਦਾ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਦਿੱਲੀ ਮੋਰਚੇ ਵੇਲ਼ੇ ਵੀ ਇਸ ਨੌਜਵਾਨ ਕਲਾਕਾਰ ਨੇ ਆਪਣੀ ਟੀਮ ਨਾਲ ਤਕਰੀਬਨ ਪੂਰੇ ਪੰਜਾਬ ਵਿੱਚ ਆਪਣੇ “ਸੁਲਗ਼ਦੀ ਧਰਤੀ” ਤੇ “ਹੱਕ ਕਿਸਾਨਾਂ ਦੇ” ਵਰਗੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
ਕਲਾਕਾਰ ਦੇ ਨਾਲ-ਨਾਲ ਇੰਦਰ ਮਾਣੂੰਕੇ ਸੁਭਾਵਿਕ ਪੱਖੋਂ ਇੱਕ ਬਹੁਤ ਵਧੀਆ ਇਨਸਾਨ ਹੈ। ਜਿੱਥੋਂ ਤੱਕ ਮੈਂ ਨਿੱਜੀ ਤੌਰ ਤੇ ਉਸ ਨੂੰ ਜਾਣਦਾ ਹਾਂ, ਉਹ ਮਿਲਾਪੜੇ ਜਿਹੇ ਸੁਭਾਅ ਵਾਲਾ਼, ਖੁਸ਼ਦਿਲ, ਸਾਦਗੀ ਪਸੰਦ ਤੇ ਹਰ ਵੇਲ਼ੇ ਚੜ੍ਹਦੀ ਕਲਾ਼ ਦੀ ਗੱਲ ਕਰਨ ਵਾਲ਼ਾ ਇਨਸਾਨ ਹੈ। ਜੇ ਕਦੇ ਤੁਸੀਂ ਉਸ ਨੂੰ ਮਿਲੋਗੇ ਤਾਂ ਸ਼ਾਇਦ ਹੀ ਤੁਹਾਨੂੰ ਇਹ ਲੱਗੇਗਾ ਕਿ ਤੁਸੀਂ ਉਸਨੂੰ ਪਹਿਲੀ ਵਾਰੀ ਮਿਲ ਰਹੇ ਹੋ।
ਸਮੇਂ ਨੇ ਆਪਣੀ ਬੁੱਕਲ਼ ਵਿੱਚ ਕੀ ਲੁਕੋ ਰੱਖਿਆ ਐ, ਇਹ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਮੈਂ ਮਾਲਕ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਇਹ ਮਿਹਨਤੀ ਨੌਜਵਾਨ ਭਵਿੱਖ ਵਿੱਚ ਹੋਰ ਵੱਡੀਆਂ ਪੁਲਾਂਘਾਂ ਪੁੱਟ ਕੇ ਨਵੇਂ ਕੀਰਤੀਮਾਨ ਸਥਾਪਤ ਕਰੇ ਤੇ ਸਾਡੇ ਮੋਗਾ ਜ਼ਿਲ੍ਹੇ ਦਾ ਮਾਣ ਵਧਾਵੇ।
ਆਮੀਨ……!!!
ਭੁਪਿੰਦਰ ਲਖਨਪਾਲ ✍️





