ਵਿਸ਼ਵ ਧਰਤੀ ਦਿਸਵ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ
ਧਰਤੀ ਦੀ ਸੁਰੱਖਿਆ ਲਈ ਸਕੂਲਾਂ 'ਚ ਜੌਗਰਫ਼ੀ ਵਿਸ਼ਾ ਹੋਣਾ ਲਾਜ਼ਮੀ
ਵਿਸ਼ਵ ਧਰਤੀ ਦਿਸਵ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰ
ਧਰਤੀ ਦੀ ਸੁਰੱਖਿਆ ਲਈ ਸਕੂਲਾਂ ‘ਚ ਜੌਗਰਫ਼ੀ ਵਿਸ਼ਾ ਹੋਣਾ ਲਾਜ਼ਮੀ
ਫਰੀਦਕੋਟ 22 ਅਪ੍ਰੈਲ ( ਚਰਨਜੀਤ ਸਿੰਘ ਗਾਹਲਾ) 55ਵੇਂ ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਨਵਿਆਉਣਯੋਗ ਸਾਧਨਾਂ ਦੀ ਵਰਤੋਂ ‘ਤੇ ਜੋਰ ਦਿੰਦਿਆਂ ਕਿਹਾ ਕਿ ਇਹਨਾਂ ਕੁਦਰਤੀ ਸਾਧਨਾਂ ਦੀ ਸੁਚੱਜੀ ਵਰਤੋਂ ਕਰਕੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਸਾਲ 2025 ਦੇ ਧਰਤੀ ਦਿਵਸ ਦੇ ਪ੍ਰਮੁੱਖ ਵਿਸ਼ੇ ‘ਸਾਡੀ ਸ਼ਕਤੀ, ਸਾਡਾ ਗ੍ਰਹਿ’ ਅਨੁਸਾਰ ਸਿੱਖਿਆ ਤੇ ਭਾਈਚਾਰਕ ਸਾਂਝ ਦੁਆਰਾ ਇਸ ਮਨੁੱਖੀ ਗ੍ਰਹਿ ਨੂੰ ਧਰਤੀ ਮਾਂ ਸਮਝਦੇ ਹੋਏ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਧਰਤੀ ਸੰਬੰਧੀ ਸਮੁੱਚਾ ਗਿਆਨ ਭੂਗੋਲ ਵਿਸ਼ੇ ਵਿੱਚ ਹੀ ਦਿੱਤਾ ਸਕਦਾ ਹੈ। ਪਰ ਇਸ ਪੱਖ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੁਆਰਾ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਮੌਜ਼ੂਦਾ ਸਮੇਂ ਪੰਜਾਬ ਰਾਜ ਦੇ ਕੁੱਲ 2000 ਸੀਨੀਅਰ ਸੈਕੰਡਰੀ ਸਕੂਲਾਂ ਅਤੇ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਭੂਗੋਲ ਵਿਸ਼ੇ ਦੀਆਂ 230 ਆਸਾਮੀਆਂ ਹੀ ਭਰੀਆਂ ਹੋਈਆਂ ਹਨ। ਜਦੋਂਕਿ ਲੱਗਭਗ 1800 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਜੌਗਰਫ਼ੀ ਵਿਸ਼ੇ ਦੇ ਗਿਆਨ ਤੋਂ ਵਾਂਝੇ ਹਨ, ਭਾਵੇਂ ਜੌਗਰਫ਼ੀ ਵਿਸ਼ੇ ਦੀਆਂ ਲੈਕਚਰਾਰਾਂ ਦੀਆਂ 357 ਆਸਾਮੀਆਂ ਮੰਨਜੂਰ ਹਨ। ਪਰੰਤੂ ਸਿੱਖਿਆ ਵਿਭਾਗ (ਸਕੂਲਾਂ) ਪੰਜਾਬ ਵੱਲੋਂ ਇਹਨਾਂ ਸਾਰੀਆਂ ਆਸਾਮੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਦਰਸਾਇਆ ਨਹੀਂ ਜਾਂਦਾ। ਇਸ ਕਰਕੇ ਨਾ ਹੀ ਵਿਦਿਆਰਥੀਆਂ ਨੂੰ ਭੂਗੋਲ ਵਿਸ਼ਾ ਪੜ੍ਹਣ ਦਾ ਮੌਕਾ ਮਿਲਦਾ ਹੈ ਅਤੇ ਨਾ ਹੀ ਅਧਿਆਪਕਾਂ ਨੂੰ ਬਦਲੀਆਂ ਅਤੇ ਤਰੱਕੀਆਂ ਸਮੇਂ ਵਿਚਾਰਿਆ ਜਾਂਦਾ ਹੈ। ਇਸ ਵਿਸ਼ੇ ਦੀ ਤੁਲਨਾ ਵਿੱਚ ਹਰਿਆਣਾ ਤੇ ਰਾਜਸਥਾਨ ਰਾਜਾਂ ਦੇ ਹਰੇਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਭੂਗੋਲ ਵਿਸ਼ੇ ਦੀ ਪੋਸਟ ਮੰਨਜ਼ੂਰ ਹੈ। ਮੀਟਿੰਗ ਵਿੱਚ ਦਰਿਆਵਾਂ ਅਤੇ ਨਹਿਰਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਸੁਰੱਖਿਅਤ ਰੱਖਣ ਤੇ ਮੀਂਹ ਦੇ ਪਾਣੀ ਨੂੰ ਧਰਤੀ ਹੇਠਾਂ ਭੇਜਣ ਦਾ ਲੋੜੀਂਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਜੱਥੇਬੰਦੀਆਂ ਦੇ ਆਗੂਆਂ ਸੁਖਜਿੰਦਰ ਸਿੰਘ ਸੁੱਖੀ ਪ੍ਰਧਾਨ, ਸਕੱਤਰ ਸਮਸ਼ੇਰ ਸਿੰਘ ਸ਼ੈਰੀ, ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ, ਜੱਥੇਬੰਦਕ ਸਕੱਤਰ ਜਸਵਿੰਦਰ ਸਿੰਘ ਸੰਧੂ, ਕਾਨੂੰਨੀ ਸਹਾਲਕਾਰ ਹਰਜੋਤ ਸਿੰਘ ਬਰਾੜ, ਗਗਨਦੀਪ ਸਿੰਘ ਸੰਧੂ, ਮਹਾਂਵੀਰ ਸਿੰਘ, ਦਵਿੰਦਰ ਕੁਮਾਰ ਸ਼ਰਮਾ, ਪ੍ਰੇਮ ਕੁਮਾਰ, ਅਮਨਦੀਪ ਕੌਰ, ਬਲਵੀਨ ਕੌਰ, ਮਨਦੀਪ ਸਿੰਘ ਸੀਰਵਾਲੀ, ਤੇਜਵੀਰ ਸਿੰਘ, ਗੁਰਸੇਵਕ ਸਿੰਘ ਆਨੰਦਪੁਰ ਸਾਹਿਬ, ਨਰੇਸ਼ ਸਲੂਜਾ, ਭੁਪਿੰਦਰ ਸਿੰਘ ਮਾਨ, ਪਰਮਜੀਤ ਸਿੰਘ ਸੰਧੂ ਮੁਹਾਲੀ, ਸ਼ੰਕਰ ਲਾਲ ਬਠਿੰਡਾ, ਤੇਜਿੰਦਰ ਸਿੰਘ ਤਰਨਤਾਰਨ, ਮਨਜਿੰਦਰ ਕੌਰ, ਸੰਦੀਪ ਕੌਰ, ਸੁਰਿੰਦਰ ਸੱਚਦੇਵਾ, ਗੁਰਪ੍ਰੀਤ ਸਿੰਘ ਫਿਰੋਜ਼ਪੁਰ ਅਤੇ ਸੁਖਦੇਵ ਸਿੰਘ ਫ਼ਰੀਦਕੋਟ ਆਦਿ ਆਗੂਆਂ ਨੇ ਮੰਗ ਕੀਤੀ ਕਿ ਧਰਤੀ ਨੂੰ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਅਤੇ ਪ੍ਰਦੂਸ਼ਿਤ ਹੋਣ ਤੋਂ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਨੌਜਵਾਨ ਪੀੜ੍ਹੀ ਨੂੰ ਸਕੂਲੀ ਪੱਧਰ ‘ਤੇ ਹੀ ਜੌਗਰਫ਼ੀ ਵਿਸ਼ੇ ਦਾ ਗਿਆਨ ਦੇ ਕੇ ਜਾਗਰੂਕ ਅਤੇ ਸਿੱਖਿਅਤ ਕੀਤਾ ਜਾਵੇ। ਜੱਥੇਬੰਦੀ ਨੇ ਇਹ ਵੀ ਕੀਤੀ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫ਼ੀ ਵਿਸ਼ੇ ਦੇ ਲੈਕਚਰਾਰਾਂ ਦੀ ਘਾਟ ਨੂੰ ਦੇਖਦੇ ਹੋਏ 118 ਸਕੂਲ ਆਫ਼ ਐਮੀਨੈਂਸ ਅਤੇ 174 ਪੀ.ਐੱਮ ਸ਼੍ਰੀ ਸਕੂਲਾਂ ਵਿੱਚ ਜੌਗਰਫੀ ਵਿਸ਼ੇ ਦੇ ਲੈਕਚਰਾਰਾਂ ਦੀਆਂ ਆਸਾਮੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਇਹ ਵਿਸ਼ਾ ਪੜ੍ਹ ਕੇ ਧਰਤੀ ਸੰਬੰਧੀ ਆਪਣੇ ਫਰਜਾਂ ਨੂੰ ਪਛਾਣ ਸਕਣ।
ਕੈਪਸ਼ਨ: ਜੌਗਰਫ਼ ਟੀਚਰਜ ਯੂਨੀਅਨ ਪੰਜਾਬ ਦੇ ਆਗੂ ਮੰਗਾਂ ਸੰਬੰਧ ਰੋਸ ਪ੍ਰਦਰਸ਼ਨ ਅਤੇ ਸਲੋਗਨਾਂ ਰਾਹੀਂ ਧਰਤੀ ਦੀ ਸੁਰੱਖਿਆ ਸੰਬੰਧੀ ਜਾਗਰੂਕ ਕਰਦੇ ਹੋਏ।




