ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪਿੰਡ ਸਲੀਣਾ ਦਾ ਕਿਸਾਨ ਤਰਸੇਮ ਸਿੰਘ ਲੰਬੇ ਸਮੇਂ ਤੋਂ ਮਲਚਿੰਗ ਵਿਧੀ ਅਪਣਾਉਣ ਕਰਕੇ ਹੋਰਨਾਂ ਕਿਸਾਨਾਂ ਲਈ ਬਣਿਆ ਪ੍ਰੇਰਨਾ ਸ੍ਰੋਤ
ਮਲਚਿੰਗ ਵਿਧੀ ਨਾਲ ਬੀਜੀ ਕਣਕ ਦਾ ਖਰਚਾ ਘਟਦਾ ਅਤੇ ਝਾੜ ਵਧਦਾ ਹੈ-ਤਰਸੇਮ ਸਿੰਘ

ਮੋਗਾ, 30 ਸਤੰਬਰ:(Charanjit Singh)
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਇਸ ਪਾਬੰਦੀ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਨੀ ਕਿਸਾਨਾਂ ਲਈ ਵੱਡੀ ਚੁਣੌਤੀ ਹੈ। ਇਸ ਸਬੰਧ ਵਿਚ ਸਰਕਾਰ ਵੱਲੋਂ ਉਪਦਾਨ ਤੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਨਿੱਜੀ ਤੌਰ ਤੇ ਅਤੇ ਸਹਿਕਾਰੀ ਸਭਾਵਾਂ ਦੁਆਰਾ ਉਪਲੱਬਧ ਕਰਵਾਈ ਗਈ ਹੈ ਅਤੇ ਕਿਸਾਨ ਇਸ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਵੀ ਕਰ ਰਹੇ ਹਨ ਪਰ ਮਹਿੰਗੇ ਭਾਅ ਦੇ ਡੀਜ਼ਲ ਅਤੇ ਅੱਤ ਮਹਿੰਗੀ ਮਸ਼ੀਨਰੀ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ। ਅਜਿਹੇ ਹਾਲਾਤਾਂ ਵਿਚ ਮਲਚਿੰਗ ਵਿਧੀ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਇਸ ਵਿਧੀ ਨੂੰ ਵੱਡੇ ਪੱਧਰ ਤੇ ਗ੍ਰਹਿਣ ਕੀਤਾ ਹੈ ਸ: ਤਰਸੇਮ ਸਿੰਘ ਪੁੱਤਰ ਸ: ਉਜਾਗਰ ਸਿੰਘ ਪਿੰਡ ਸਲੀਣਾ ਜ਼ਿਲ੍ਹਾ ਮੋਗਾ ਨੇ। ਉਨ੍ਹਾਂ ਇਸ ਵਿਧੀ ਸਬੰਧੀ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਖੇਤ ਵਿਚ ਖੜੇ ਕਰਚਿਆਂ ਅਤੇ ਰਹਿੰਦ ਖੂੰਹਦ ਵਿਚ ਕਣਕ ਦੇ ਬੀਜ ਅਤੇ ਡੀ.ਏ.ਪੀ. ਖਾਦ ਦਾ ਛੱਟਾ ਮਾਰਨ ਉਪਰੰਤ ਖੇਤ ਵਿਚ ਮਲਚਰ ਜਾਂ ਰੀਪਰ ਨਾਲ ਪਰਾਲੀ ਨੂੰ ਕੱਟ ਦਿੱਤਾ ਜਾਵੇ ਅਤੇ ਹਰ ਜਗ੍ਹਾ ਤੇ ਇਕੋ ਜਿਹੀ ਪਰਾਲੀ ਹੋਣੀ ਜ਼ਰੂਰੀ ਹੈ ਅਤੇ ਬੀਜ ਨੰਗਾ ਨਾ ਦਿਸੇ। ਇਸ ਉਪਰੰਤ ਖੇਤ ਨੂੰ ਪਾਣੀ ਨਾਲ ਭਰ ਦਿੱਤਾ ਜਾਵੇ। ਇਕ ਹਫ਼ਤੇ ਵਿਚ ਸਾਰੀ ਫਸਲ ਪੂੰਗਰ ਕੇ ਬਾਹਰ ਆ ਜਾਂਦੀ ਹੈ। ਇਸ ਨੂੰ ਮਲਚਿੰਗ ਵਿਧੀ ਕਿਹਾ ਜਾਂਦਾ ਹੈ।
ਤਰਸੇਮ ਸਿੰਘ ਨੇ ਕਿਹਾ ਕਿ ਇਸ ਤਰੀਕੇ ਨਾਲ ਬੀਜੀ ਕਣਕ ਵਿਚ ਖਰਚਾ ਨਾ ਮਾਤਰ ਆਉਂਦਾ ਹੈ ਕਿਉਂਕਿ ਸਿਰਫ ਮਲਚਰ ਦਾ ਖਰਚਾ ਹੀ ਕਿਸਾਨ ਸਹਿਣ ਕਰਦਾ ਹੈ। ਦੂਸਰਾ ਇਸ ਤਰ੍ਹਾਂ ਬੀਜੀ ਕਣਕ ਦੀ ਫ਼ਸਲ ਵਿਚ ਨਦੀਨਨਾਸ਼ਕ ਸਪਰੇ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ। ਤੀਸਰਾ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਕਣਕ ਦਾ ਝਾੜ ਵੀ ਵਧੀਆ ਨਿਕਲਦਾ ਹੈ। ਜਿਹੜੀ ਪਰਾਲੀ ਦੀ ਤਹਿ ਹੁੰਦੀ ਹੈ ਉਹ ਫਸਲ ਪੱਕਣ ਤੱਕ ਗਲ ਕੇ ਖਾਦ ਦਾ ਬਹੁਤ ਵਧੀਆ ਕੰਮ ਕਰਦੀ ਹੈ ਅਤੇ ਜ਼ਮੀਨ ਵਿਚ ਸਿੱਲ ਵੀ ਰਹਿੰਦੀ ਹੈ। ਇਸ ਤਰ੍ਹਾਂ ਦੀ ਬੀਜੀ ਗਈ ਕਣਕ ਦੀ ਫ਼ਸਲ ਵਿਚ ਕਿਸਾਨ ਵੀਰ ਸ਼ਾਮ ਸਮੇਂ ਹੀ ਯੂਰੀਆ ਖਾਦ ਦੀ ਵਰਤੋਂ ਕਰਨ।
ਤਰਸੇਮ ਸਿੰਘ ਨੇ ਦੱਸਿਆ ਕਿ ਇਹ ਵਿਧੀ ਉਸ ਨੇ ਇਕ ਏਕੜ ਤੋਂ ਸ਼ੁਰੂ ਕੀਤੀ ਸੀ ਅਤੇ ਇਸ ਸਾਲ 20 ਏਕੜ ਰਕਬੇ ਵਿਚ ਇਸ ਵਿਧੀ ਰਾਹੀਂ ਬਿਜਾਈ ਕਰਨਗੇ। ਪਿਛਲੇ ਸਾਲ ਉਨ੍ਹਾਂ ਵੱਲੋਂ ਇਸ ਵਿਧੀ ਰਾਹੀਂ ਬੀਜੀ ਗਈ ਕਣਕ ਦੇ ਪ੍ਰਦਰਸ਼ਨੀ ਪਲਾਟਾਂ ਦਾ ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸੰਦੀਪ ਹੰਸ ਅਤੇ ਖੇਤੀਬਾੜੀ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਸਰਵੇਖਣ ਵੀ ਕੀਤਾ ਗਿਆ ਸੀ।ਂ
ਉਨ੍ਹਾਂ ਕਿਹਾ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਜੇਕਰ ਲਗਾਤਾਰ ਹਰ ਰੋਜ਼ 10 ਘੰਟੇ ਬਿਜਲੀ ਦੀ ਸਪਲਾਈ ਕਿਸਾਨਾਂ ਨੂੰ ਮੁਹੱਈਆ ਹੋਵੇ ਤਾਂ ਇਸ ਵਿਧੀ ਰਾਹੀਂ ਬੀਜੀ ਜਾਣ ਵਾਲੀ ਕਣਕ ਦੀ ਫਸਲ ਦਾ ਰਕਬਾ ਬਹੁਤ ਵੱਧਣ ਦੀ ਆਸ ਹੈ। ਇਸ ਸਮੇਂ ਤਰਸੇਮ ਦੀ ਪ੍ਰੇਰਨਾ ਨਾਲ ਪੰਜਾਬ, ਯੂ.ਪੀ. ਅਤੇ ਹਰਿਆਣੇ ਵਿਚ ਬਹੁਤ ਸਾਰੇ ਕਿਸਾਨਾਂ ਵੱਲੋਂ ਇਹ ਵਿਧੀ ਅਪਣਾਈ ਜਾ ਚੁੱਕੀ ਹੈ।
ਤਰਸੇਮ ਨੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਜਾਣਕਾਰੀ ਦੀ ਜ਼ਰੂਰਤ ਪਵੇ ਤਾਂ ਉਹ ਉਸਦੇ ਨਾਲ ਮੋਬਾਈਲ ਨੰਬਰ 94630-73787 ਤੇ ਸੰਪਰਕ ਕਰਕੇ ਲੈ ਸਕਦਾ ਹੈ।




