ਜੌਗਰਫ਼ੀ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਣੇ ਗਗਨਦੀਪ ਸਿੰਘ ਸੰਧੂ
ਪੀ.ਐੱਮ.ਸ਼੍ਰੀ ਤੇ ਐੱਮੀਨੈਂਸ ਸਕੂਲਾਂ 'ਚ ਜੌਗਰਫ਼ੀ ਵਿਸ਼ਾ ਚਾਲੂ ਕਰਨ ਦੀ ਮੰਗ

ਪੰਜਾਬ ‘ਚ ਜੌਗਰਫ਼ੀ ਵਿਸ਼ੇ ਦੀ ਪ੍ਰਫੁੱਲਤਾ ਲਈ ਕੰਮ ਕਰਨ ਵਾਲੀ ਜੱਥੇਬੰਦੀ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਜਿਲ੍ਹਾ ਫ਼ਰੀਦਕੋਟ ਇਕਾਈ ਦੀ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਲੈਕਚਰਾਰ ਗਗਨਦੀਪ ਸਿੰਘ ਸੰਧੂ ਨੂੰ ਪ੍ਰਧਾਨ ਚੁਣਿਆ ਗਿਆ। ਜੱਥੇਬੰਦੀ ਦੇ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਦੀ ਦੇਖ ਰੇਖ ਵਿੱਚ ਹੋਈ ਚੋਣ ਵਿੱਚ ਫ਼ਰੀਦਕੋਟ ਦੀ ਜਿਲ੍ਹਾ ਇਕਾਈ ਲਈ ਸਰਬ ਸੰਮਤੀ ਨਾਲ ਪ੍ਰੇਮ ਕੁਮਾਰ ਕੋਟਕਪੂਰਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਨੂੰ ਜਨਰਲ ਸਕੱਤਰ, ਸੰਦੀਪ ਕੁਮਾਰ ਨੂੰ ਮੀਤ ਪ੍ਰਧਾਨ, ਮਹਾਂਵੀਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ, ਦਵਿੰਦਰ ਕੁਮਾਰ ਨੂੰ ਸਕੱਤਰ, ਮੈਡਮ ਹਰਵਿੰਦਰ ਕੌਰ ਨੂੰ ਸਹਾਇਕ ਸਕੱਤਰ, ਮੈਡਮ ਮਨਜਿੰਦਰ ਕੌਰ ਨੂੰ ਖਜਾਨਚੀ, ਸੁਰਿੰਦਰ ਸੱਚਦੇਵਾ ਨੂੰ ਪ੍ਰੈੱਸ ਸਕੱਤਰ ਅਤੇ ਮੈਡਮ ਬਲਬੀਰ ਕੌਰ ਸੰਧੂ ਤੇ ਮੈਡਮ ਸੰਦੀਪ ਕੌਰ ਸਲਾਹਕਾਰ ਬਣਾਇਆ ਗਿਆ। ਚੋਣ ਮੌਕੇ ਕੀਤੀ ਗਈ ਮੀਟਿੰਗ ਵਿੱਚ ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਕਿਹਾ ਕਿ ਸੰਘਰਸ਼ ਹੀ ਜੱਥੇਬੰਦੀ ਦਾ ਮੰਤਵ ਹੋਣਾ ਚਾਹੀਦਾ ਹੈ, ਪ੍ਰਾਪਤੀਆਂ ਆਪੇ ਹੀ ਹੋਣਗੀਆਂ। ਉਹਨਾਂ ਉਦਾਹਰਨ ਦੇ ਤੌਰ ‘ਤੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਜੌਗਰਫ਼ੀ ਵਿਸ਼ੇ ਦੇ 10 ਪ੍ਰਯੋਗੀ ਅੰਕ ਘਟਾ ਦਿੱਤੇ ਗਏ ਸਨ, ਏਕਤਾ ਅਤੇ ਸੰਘਰਸ਼ ਨਾਲ ਪੰਜਾਬ ਬੋਰਡ ਨੇ ਇਸ ਸਾਲ ਤੋਂ ਪ੍ਰਯੋਗੀ ਅੰਕਾਂ ਬਹਾਲ ਕਰ ਦਿੱਤਾ ਹੈ ਅਤੇ ਇਸੇ ਤਰ੍ਹਾਂ ਪੰਜਾਬ ਪਬਲਿਕ ਸਰਵਿਸਜ਼ ਕਮਿਸ਼ਨ ਪਟਿਆਲਾ ਨੇ ਜੌਗਰਫ਼ੀ (ਭੂਗੋਲ) ਵਿਸ਼ੇ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅਹਿਮ ਸਥਾਨ ਦਿੱਤਾ ਹੈ। ਜਿਸ ਨਾਲ ਵਿਦਿਆਰਥੀਆਂ ਵਿੱਚ ਜੌਗਰਫੀ ਵਿਸ਼ਾ ਪੜ੍ਹਣ ਦੀ ਦਿਲਚਸਪੀ ਵਧੇਗੀ। ਸੂਬਾ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਪੰਜਾਬ ‘ਚ ਸਕੂਲ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 13252 ਆਸਾਮੀਆਂ ਵਿੱਚੋਂ ਜੌਗਰਫ਼ੀ ਵਿਸ਼ੇ ਦੀਆਂ ਕੇਵਲ 357 ਆਸਾਮੀਆਂ ਹੀ ਮੰਨਜ਼ੂਰ ਹਨ। ਜਿੰਨ੍ਹਾਂ ਸਾਰੀਆਂ ਨੂੰ ਸਿੱਖਿਆ ਵਿਭਾਗ (ਸਕੂਲਾਂ) ਪੰਜਾਬ ਵੱਲੋਂ ਈ–ਪੰਜਾਬ ਪੋਰਟਲ ‘ਤੇ ਦਰਸਾਇਆ ਹੀ ਨਹੀਂ ਜਾਂਦਾ। ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਜੌਗਰਫ਼ੀ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ 118 ਐਮੀਨੈਂਸ ਤੇ 174 ਪੀ.ਐੱਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਚਾਲੂ ਕੀਤਾ ਜਾਵੇ ਅਤੇ ਜੌਗਰਫ਼ੀ ਲੈਕਚਰਾਰਾਂ ਦੀਆਂ ਮੰਨਜੂਰਸ਼ੁਦਾ 357 ਆਸਾਮੀਆਂ ਸਮੇਤ ਫ਼ਰੀਦਕੋਟ ਜਿਲ੍ਹੇ ਵਿੱਚ ਮੰਨਜ਼ੂਰਸ਼ੁਦਾ ਆਸਾਮੀਆਂ ਨੂੰ ਈ–ਪੰਜਾਬ ਪੋਰਟਲ ‘ਤੇ ਦਰਸਾ ਕੇ ਇਹਨਾਂ ਆਸਾਮੀਆਂ ਨੂੰ ਸਿੱਧੀ ਭਰਤੀ ਅਤੇ ਪਦ–ਉੱਨਤੀਆਂ ਰਾਹੀਂ ਭਰਿਆ ਜਾਵੇ ਤਾਂ ਜੋ ਇਹ ਵਿਸ਼ਾ ਪੜ੍ਹਣਾ ਚਾਹੁੰਦੇ ਵਿਦਿਆਰਥੀਆਂ ਨੂੰ ਅਧਿਆਪਕ ਨਸੀਬ ਹੋ ਸਕਣ।




