ਧਰਤੀ ਦਿਵਸ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਮੀਟਿੰਗ
ਧਰਤੀ ਦੇ ਸਮੁੱਚੇ ਗਿਆਨ ਵਾਲਾ ਜੌਗਰਫ਼ੀ ਵਿਸ਼ਾ ਅੱਖੋਂ-ਪਰੋਖੇ

ਮੋਗਾ, 23 ਅਪ੍ਰੈਲ (Charanjit Singh) – ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਧਰਤੀ ਸਬੰਧੀ ਸਮੁੱਚਾ ਗਿਆਨ ਦੇਣ ਵਾਲੇ ਵਿਸ਼ੇ ਜੌਗਰਫ਼ੀ (ਭੂਗੋਲ) ਦੇ ਲੈਕਚਰਾਰਾਂ ਦੀ ਪੰਜਾਬ ਦੇ ਸਕੂਲਾਂ ਵਿੱਚ ਘਾਟ ਅਤੇ ਮਨੁੱਖਾਂ ਦੁਆਰਾ ਆਪਣੀਆਂ ਲੋੜਾਂ ਦੀ ਪੂਰਤੀ ਲਈ ਧਰਤੀ ਨੂੰ ਪ੍ਰਦੂਸ਼ਿਤ ਕਰਨ ’ਤੇ ਚਿੰਤਾ ਜ਼ਾਹਰ ਕੀਤੀ ਗਈ। ਮੀਟਿੰਗ ਵਿੱਚ ਜੱਥੇਬੰਦੀ ਦੇ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਧਰਤੀ ਮਾਂ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵਿਸ਼ਵ ਪੱਧਰ ਤੇ ਪਹਿਲੀ ਵਾਰ 22 ਅਪ੍ਰੈਲ 1970 ਨੂੰ ਧਰਤੀ ਦਿਵਸ ਮਨਾਇਆ ਗਿਆ ਸੀ। ਜੱਥੇਬੰਦੀ ਦੇ ਸੂਬਾ ਕਾਨੂੰਨੀ ਸਲਾਹਕਾਰ ਹਰਜੋਤ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਮੌਜ਼ੂਦਾ ਸਮੇਂ ਪੰਜਾਬ ਦੇ ਕੁੱਲ 2026 ਸੀਨੀ: ਸੈਕੰ: ਸਕੂਲਾਂ ਵਿੱਚੋਂ 1800 ਸਕੂਲਾਂ ਵਿੱਚ ਧਰਤੀ ਦੀ ਮਹੱਤਤਾ ਦੱਸਣ ਵਾਲਾ ਵਿਸ਼ਾ ਜੌਗਰਫ਼ੀ (ਭੂਗੋਲ) ਪੜ੍ਹਾਇਆ ਹੀ ਨਹੀਂ ਜਾਂਦਾ। ਮੀਟਿੰਗ ਵਿੱਚ ਇਹ ਚਿੰਤਾ ਵੀ ਜਾਹਰ ਕੀਤੀ ਗਈ ਹੈ ਕਿ ਦਰਿਆਵਾਂ ਵਿੱਚ ਕਾਰਖਾਨਿਆਂ ਦੀ ਰਹਿੰਦ-ਖੂੰਹਦ ਤੇ ਤੇਜ਼ਾਬੀ ਪਾਣੀ ਨੂੰ ਸੁੱਟ ਕੇ ਮਨੁੱਖੀ ਸਿਹਤ ਅਤੇ ਜੀਵ-ਜੰਤੂਆਂ ਦੇ ਜੀਵਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਿਸ ਨੂੰ ਰੋਕਣ ਦੀ ਤੁਰੰਤ ਲੋੜ ਹੈ। ਇਹ ਵੀ ਦੱਸਿਆ ਗਿਆ ਕਿ ਜੋ 357 ਆਸਾਮੀਆਂ ਜੌਗਰਫ਼ੀ ਲੈਕਚਰਾਰਾਂ ਦੀਆਂ ਮੰਨਜ਼ੂਰ ਹਨ, ਉਹਨਾਂ ਨੂੰ ਬਦਲੀ ਸਮੇਂ, ਭਰਤੀ ਤੇ ਤਰੱਕੀ ਸਮੇਂ ਈ-ਪੰਜਾਬ ਪੋਰਟਲ ’ਤੇ ਦਿਖਾਇਆ ਹੀ ਨਹੀਂ ਜਾਂਦਾ। ਜਿਸ ਨਾਲ ਇਹ ਆਸਾਮੀਆਂ ਪੁਰ ਨਾ ਹੋਣ ਕਾਰਨ ਜੌਗਰਫ਼ੀ ਵਿਸ਼ੇ ਵਿੱਚ ਰੁਚੀ ਰੱਖਣ ਅਤੇ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਜੱਥੇਬੰਦੀ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ (ਸਕੂਲਾਂ) ਤੋਂ ਮੰਗ ਕੀਤੀ ਕਿ ਇਹਨਾਂ ਮੰਨਜ਼ੂਰ ਆਸਾਮੀਆਂ ਨੂੰ ਈ-ਪੰਜਾਬ ਪੋਰਟਲ ’ਤੇ ਦਰਸਾਉਣ ਦੇ ਨਾਲ-ਨਾਲ ਪੰਜਾਬ ਦੇ ਸਮੁੱਚੇ ਸੀਨੀ: ਸੈਕੰ: ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾਣ ਅਤੇ ਵਿਸ਼ੇਸ਼ ਤੌਰ ’ਤੇ ਐਮੀਨੈਂਸ ਸਕੂਲਾਂ ਵਿੱਚ ਇੱਕ-ਇੱਕ ਜੌਗਰਫ਼ੀ ਲੈਕਚਰਾਰ ਦੀ ਨਿਯੁਕਤੀ ਕੀਤੀ ਜਾਵੇ ਕਿਉਂਕਿ ਇੱਕ ਜੌਗਰਫ਼ੀ ਵਿਸ਼ੇ ਦਾ ਲੈਕਚਰਾਰ ਜਿੱਥੇ ਜੌਗਰਫ਼ੀ ਵਿਸ਼ਾ ਪੜ੍ਹਾਏਗਾ, ਉੱਥੇ ਉਹ ਲਾਜ਼ਮੀ ਵਿਸ਼ੇ ਵਾਤਾਵਰਣ ਨੂੰ ਪੜ੍ਹਾਉਣ ਦੇ ਵੀ ਨਿਪੁੰਨ ਹੈ। ਜੱਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ ਸਾਲ ਤੋਂ ਪ੍ਰਯੋਗੀ ਵਿਸ਼ੇ ਦੇ ਖਤਮ ਕੀਤੇ ਅੰਕਾਂ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਜੌਗਰਫ਼ੀ ਵਿਸ਼ੇ ਵਿੱਚ ਦਿਲਚਸਪੀ ਵਧੇ ਅਤੇ ਉਹ ਵਧੇਰੇ ਅੰਕ ਪ੍ਰਾਪਤ ਕਰ ਸਕਣ। ਮੀਟਿੰਗ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਸ਼ਮਸ਼ੇਰ ਸਿੰਘ ਸ਼ੈਰੀ, ਪ੍ਰੇਮ ਕੁਮਾਰ, ਸੁਰਿੰਦਰ ਸਿੰਘ, ਮਹਾਂਵੀਰ ਸਿੰਘ, ਹਰਜੋਤ ਸਿੰਘ ਬਰਾੜ ਅਤੇ ਗਗਨਦੀਪ ਸਿੰਘ ਸੰਧੂ ਨੇ ਸ਼ਮੂਲੀਅਤ ਕੀਤੀ।




