ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵੋਟਰ ਬਣਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੱਢੀ ਸਾਈਕਲ ਰੈਲੀ
ਡਿਪਟੀ ਕਮਿਸ਼ਨਰ ਨੇ ਖੁਦ ਸਾਈਕਲ ਚਲਾ ਕੇ ਕੀਤੀ ਰੈਲੀ ਦੀ ਅਗਵਾਈ

ਮੋਗਾ, 27 ਅਕਤੂਬਰ (Charanjit Singh) –
ਹਰੇਕ ਯੋਗ ਵਿਅਕਤੀ ਦੀ ਵੋਟ ਬਣੀ ਹੋਣੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਏ ਦਿਨ ਲਗਾਤਾਰ ਇੱਕ ਤੋਂ ਬਾਅਦ ਇੱਕ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਵਾਉਣ ਤੋਂ ਵਾਂਝਾ ਨਾ ਰਹੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇੇ ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਵੋਟਰ ਬਣਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੱਢੀ ਸਾਈਕਲ ਰੈਲੀ ਦੌਰਾਨ ਕੀਤਾ। ਇਸ ਸਾਈਕਲ ਰੈਲੀ ਦੀ ਉਨ੍ਹਾਂ ਖੁਦ ਸਾਈਕਲ ਚਲਾ ਕੇ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ, ਡੀ.ਐਮ. ਕਾਲਜ ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ, ਸਵੀਪ ਕੋਆਰਡੀਨੇਟਰ ਬਲਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ, ਜਿੰਨ੍ਹਾਂ ਨੇ ਇਸ ਸਾਈਕਲ ਰੈਲੀ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਕੱਢਣ ਦਾ ਮੁੱਖ ਮੰਤਵ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਆਮ ਲੋਕਾਂ ਵਿੱਚ ਵੋਟ ਬਣਾਉਣ ਅਤੇ ਇਸਦਾ ਉੱਚਿਤ ਉਪਯੋਗ ਕਰਨ ਪ੍ਰਤੀ ਜਾਗਰੂਕ ਕਰਨਾ ਹੈ, ਕਿਉਂਕਿ ਨੌਜਵਾਨਾਂ ਦੀ ਵੋਟ ਚੰਗੇ ਲੋਕਤੰਤਰ ਦੇ ਨਿਰਮਾਣ ਕਰਨ ਵਿੱਚ ਮੀਲ ਪੱਥਰ ਸਾਬਿਤ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਸਮਾਂ ਸਵੇਰੇ 7:30 ਵਜੇ ਇਸ ਲਈ ਰੱਖਿਆ ਗਿਆ ਹੈ ਤਾਂ ਕਿ ਕਿਸੇ ਨੂੰ ਵੀ ਟ੍ਰੈਫਿਕ ਨਾਲ ਸਬੰਧਤ ਕੋਈ ਵੀ ਸਮੱਸਿਆ ਪੇਸ਼ ਨਾ ਆਵੇ।
ਸਾਈਕਲ ਰੈਲੀ ਬੱਸ ਸਟੈਂਡ ਜੋਗਿੰਦਰ ਚੌਕ, ਅਕਾਲਸਰ ਰੋਡ, ਕਬਾੜੀਆ ਬਾਜ਼ਾਰ, ਮੇਜਿਸਟਿਕ ਰੋਡ, ਮੇਨ ਬਾਜ਼ਾਰ, ਥਾਪਰ ਚੌਕ, ਨੀਵਾਂ ਪੁਲ ਤੋਂ ਹੁੰਦੀ ਹੋਈ ਨੇਚਰ ਪਾਰਕ ਵਿਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿੱਚ ਲਗਭਗ 60 ਤੋਂ ਵਧੇਰੇ ਵਿਅਕਤੀਆਂ ਨੇ ਭਾਗ ਲਿਆ।
ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਵੋਟਰ ਬਣਨ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਰਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ।





