ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਰਾਜ ਜ਼ਿਲ੍ਹਾ ਰੈਂਕਿੰਗ ਵਿੱਚ ਮੋਗਾ ਦੀ ਦਰਜਾਬੰਦੀ ਸੁਧਾਰਨ ਦੀ ਹਦਾਇਤ
ਅਧਿਕਾਰੀਆਂ ਨੂੰ ਇਨਵੈਸਟ ਪੰਜਾਬ ਦੇ ਈ ਪੋਰਟਲ ਉੱਤੇ ਆਈਆਂ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨ ਬਾਰੇ ਕਿਹਾ

ਮੋਗਾ, 28 ਸਤੰਬਰ (Charanjit Singh) – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਵਿਭਾਗ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਅਦਾਰੇ ਇਨਵੈਸਟ ਪੰਜਾਬ ਦੇ ਈ ਪੋਰਟਲ ਉੱਤੇ ਆਈਆਂ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਬਕਾਇਆ ਪਏ ਅਜਿਹੇ ਮਾਮਲਿਆਂ ਨਾਲ ਜ਼ਿਲ੍ਹਾ ਮੋਗਾ ਦੀ ਦਰਜਾਬੰਦੀ ਵਿੱਚ ਗਿਰਾਵਟ ਆਈ ਹੈ।
ਅੱਜ ਸਿੰਗਲ ਵਿੰਡੋ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਵੈਸਟ ਪੰਜਾਬ ਦੇ ਈ ਪੋਰਟਲ ਨੂੰ ਘੋਖਣ ਉੱਤੇ ਪਾਇਆ ਗਿਆ ਹੈ ਕਿ ਜ਼ਿਲ੍ਹਾ ਮੋਗਾ ਨਾਲ ਸੰਬੰਧਤ 325 ਅਰਜ਼ੀਆਂ ਉੱਤੇ ਵੱਖ ਵੱਖ ਵਿਭਾਗਾਂ ਵੱਲੋਂ ਕੋਈ ਨਾ ਕੋਈ ਕਾਰਵਾਈ ਕੀਤੀ ਜਾਣੀ ਬਕਾਇਆ ਹੈ। ਜਿਸ ਕਰਕੇ ਜ਼ਿਲ੍ਹਾ ਮੋਗਾ ਸੂਬੇ ਦੀ ਦਰਜਾਬੰਦੀ ਵਿੱਚ 13ਵੇਂ ਨੰਬਰ ਉੱਤੇ ਖਿਸਕ ਗਿਆ ਹੈ। ਇਸ ਕਰਕੇ ਈ ਪੋਰਟਲ ਉੱਤੇ ਆਈਆਂ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਲਈ ਨੋਡਲ ਅਧਿਕਾਰੀ ਲਗਾਏ ਜਾਣ। ਹਰੇਕ ਵਿਭਾਗ ਨੂੰ ਚਾਹੀਦਾ ਹੈ ਕਿ ਆਪਣੇ ਨਾਲ ਸਬੰਧਤ ਸੇਵਾਵਾਂ ਨੂੰ ਆਨਲਾਈਨ ਕੀਤਾ ਜਾਵੇ। ਜੇਕਰ ਅਰਜੀਕਰਤਾ ਨਿੱਜੀ ਤੌਰ ਉੱਤੇ ਸਿੱਧਾ ਦਫ਼ਤਰ ਵੀ ਆ ਜਾਂਦਾ ਹੈ ਤਾਂ ਉਸ ਨਾਲ ਸਹੀ ਵਤੀਰਾ ਕਰਦੇ ਹੋਏ ਉਸਨੂੰ ਅਗਲੇਰੀਆਂ ਕਰਵਾਈਆਂ ਲਈ ਪ੍ਰੇਰਿਤ ਕੀਤਾ ਜਾਵੇ। ਮੀਟਿੰਗ ਦੀ ਕਰਵਾਈ ਸ੍ਰ ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਨੇ ਚਲਾਈ।





