ਜੇਲ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਲਈ ਵੋਕੇਸ਼ਨਲ ਲਿਟਰੇਸੀ ਮੁਹਿੰਮ ਸ਼ੁਰ
ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਅਤੇ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ਕੀਤਾ ਉਦਘਾਟਨ

ਮੋਗਾ, 20 ਸਤੰਬਰ:
ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੀ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਅਤੇ ਸ਼੍ਰੀ ਮਨਜਿੰਦਰ ਸਿੰਘ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਬ-ਜੇਲ ਮੋਗਾ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇਣ ਬਾਰੇ ਮਿਤੀ 20 ਸਤੰਬਰ ਤੋਂ 20 ਅਕਤੂਬਰ 2023 ਤੱਕ ਇੱਕ ਮੁਹਿੰਮ ”ਵੋਕੇਸ਼ਨਲ ਲਿਟਰੇਸੀ ਫਾਰ ਜ਼ੇਲ੍ਹ ਇਨਮੇਟਸ” ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਉਦਘਾਟਨ ਸ਼੍ਰੀ ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼੍ਰੀ ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਵਧੀਕ ਵੀ ਮੌਜੂਦ ਸਨ।
ਅੱਜ ਇਸ ਮੁਹਿੰਮ ਦੀ ਸ਼ੁਰੂਆਤ ਵਿੱਚ ਸਬ ਜੇਲ ਮੋਗਾ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਬੇਕਰੀ ਅਤੇ ਇਲੈਕਟ੍ਰੀਕਲ ਫਿਟਿੰਗ ਦੀ ਸਿਖਲਾਈ ਲਈ ਕਲਾਸਾਂ ਲਗਾਈਆਂ ਗਈਆਂ ਅਤੇ ਸ਼੍ਰੀ ਸੁਨੀਤ ਨੰਦਾ, ਮਿਸ ਕਰੀਨਾ ਜੈਦਕਾ ਤੇ ਪਵਨ ਕੁਮਾਰ ਟ੍ਰੇਨਰ ਇਲੈਕਟ੍ਰੀਸ਼ੀਅਨ ਵੱਲੋਂ ਇਸ ਸਿਖਲਾਈ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਸਮਾਜ ਵਿੱਚ ਆਪਣਾ ਮੁੜ ਵਸੇਬੇ ਲਈ ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ।
ਇਸ ਮੌਕੇ ਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਅਤੁਲ ਕਸਾਨਾ ਜੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਵੱਖ ਵੱਖ ਕਿੱਤਿਆਂ ਜਿਵੇਂ ਕਿ ਬੇਕਰੀ, ਇਲੈਕਟ੍ਰੀਕਲ ਫਿਟਿੰਗ, ਟੇਲਰਿੰਗ/ਫੇਬਰੀਕੇਸ਼ਨ ਆਫ਼ ਗਾਰਮੈਂਟਸ ਆਦਿ ਕਿੱਤਿਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਇਕ ਚੰਗੇ ਇਨਸਾਨ ਬਣਕੇ ਜੇਲ ਵਿੱਚੋਂ ਬਾਹਰ ਜਾਣ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਕਿੱਤੇ ਦੀ ਸਿਖਲਾਈ ਉਨ੍ਹਾਂ ਨੂੰ ਜੇਲ੍ਹ ਵਿੱਚ ਇਸ ਮੁਹਿੰਮ ਤਹਿਤ ਦਿੱਤੀ ਜਾਵੇਗੀ ਉਸ ਨੂੰ ਕੈਦੀ ਬਿਹਤ ਅਤੇ ਆਤਮ ਨਿਰਭਰਤਾ ਵਾਲੀ ਜਿੰਦਗੀ ਜਿਉਣ ਦਾ ਸਾਧਨ ਬਣਾ ਸਕਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਤੋਂ ਬਾਅਦ ਲਾਭਪਾਤਰੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਇਸ ਨਾਲ ਸਬੰਧਤ ਟੂਲ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਤੇ ਡਾਇਰੈਕਟਰ ਆਰ.ਐੱਸ.ਈ.ਟੀ.ਆਈ. ਸ਼੍ਰੀ ਗੌਰਵ ਕੁਮਾਰ, ਸ਼੍ਰੀ ਪੁਸ਼ਰਾਜ ਸਕਿੱਲ ਡਿਵੈੱਲਪਮੈਂਟ ਅਤੇ ਸ਼੍ਰੀ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਵੀ ਹਾਜ਼ਰ ਸਨ।





