ਪਿੱਟ ਹੈੱਡ (ਖੱਡ) `ਤੇ 5.50 ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲੇਗੀ ਰੇਤਾਂ-ਡਿਪਟੀ ਕਮਿਸ਼ਨਰ
ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਣ ਵਾਲਿਆਂੇ ਖਿਲਾਫ ਹੋਵੇਗੀ ਸਖਤ ਕਾਨੂੰਨੀ ਕਾਰਵਾਈ

ਮੋਗਾ, 12 ਦਸੰਬਰ(Charanjit Singh)ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੇਤਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੱਟ ਹੈੱਡ ਤੋਂ 5.50 ਰੁਪਏ ਪ੍ਰਤੀ ਫੁੱਟ ਦੇਣ ਨੂੰ ਯਕੀਨੀ ਬਣਾਉਣ ਸਬੰਧੀ ਕੀਤੀ ਗਈ ਬੈਠਕ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸੰਸਥਾਵਾਂ, ਵਿਭਾਗਾਂ, ਟਰੱਕ ਯੂਨੀਅਨਾਂ, ਰੇਤਾਂ ਵੇਚਣ ਵਾਲਿਆਂ ਰਿਟੇਲਰਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਦੱਸਿਆ ਕਿ ਮਾਰਕਿਟ ਵਿੱਚ ਰੇਤਾਂ ਨੂੰ ਕੰਟਰੋਲ ਕਰਨ ਦੇ ਲਈ ਜਿ਼ਲ੍ਹਾ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿ਼ਲ੍ਹਾ ਵਿੱਚ 5 ਮੰਨਜ਼ੂਰਸ਼ੁਦਾ ਖੱਡਾਂ ਅਤੇ ਡੀਸਿਲਟਿੰਗ ਸਾਈਟਾਂ ਆਦਰਾਮਾਨ 1-ਏ, ਆਦਰਾਮਾਨ 1-ਬੀ, ਆਦਰਾਮਾਨ 2, ਸੰਘੇੜਾ ਅਤੇ ਬਾਸੀਆਂ ਵਿਖੇ ਸਥਿਤ ਹਨ। ਇਨ੍ਹਾਂ ਖੱਡਾਂ ਤੋਂ ਰੇਟ ਪਹੁੰਚਾਉਣ ਵਾਲੀ ਜਗ੍ਹਾ ਨੂੰ ਕਿਲੋਮੀਟਰਜ਼ ਦੇ ਹਿਸਾਬ ਨਾਲ ਵੰਡ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਰੇਟ ਨਿਸਚਿਤ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਖੱਡਾਂ ਤੋਂ ਰੇਤਾਂ ਦੇ 5.50 ਰੁਪਏ ਪ੍ਰਤੀ ਫੁੱਟ ਦੇ ਰੇਟਾਂ ਵਿੱਚ ਜੀਐੱਸਟੀ, ਡਰਾਇਵਰ ਚਾਰਜਿਸ, ਪ੍ਰਦੂਸ਼ਣ ਦਾ ਖਰਚਾ ਸਮੇਤ ਹੋਰ ਖਰਚਿਆਂ ਨੂੰ ਮਿਲਾ ਕੇ ਵੱਧ ਤੋਂ ਵੱਧ 13 ਰੁਪਏ ਸਕੇਅਰ ਫੁੱਟ ਤੋਂ ਲੈ ਕੇ 16 ਰੁਪਏ ਸਕੇਅਰ ਫੁੱਟ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਮਕੋਟ ਵਿੱਚ 13 ਰੁਪਏ ਪ੍ਰਤੀ ਘਣ ਫੁੱਟ, ਮੋਗਾ ਵਿੱਚ 14 ਰੁਪਏ ਪ੍ਰਤੀ ਘਣ ਫੁੱਟ, ਬਾਘਾਪੁਰਾਣਾ ਵਿੱਚ 15 ਰੁਪਏ ਪ੍ਰਤੀ ਘਣ ਫੁੱਟ ਅਤੇ ਨਿਹਾਲਸਿੰਘਵਾਲਾ ਵਿੱਚ 16 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾਂ ਦੀ ਪਹੁੰਚ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਰੇਟਾਂ ਤੋਂ ਵੱਧ ਕੋਈ ਵੀ ਵਿਅਕਤੀ ਜੇਕਰ ਰੇਤਾਂ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵਿਅਕਤੀ ਵੱਧ ਰੇਟਾਂ ਦੀ ਸੂਚਨਾ ਪੁਖਤਾ ਸਬੂਤਾਂ ਨਾਲ ਸਰਕਾਰ ਨੂੰ ਦੇਵੇਗਾ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਪਿੱਟ ਹੈੱਡ ਤੇ ਖੱਡ ਸਬੰਧੀ ਜਾਣਕਾਰੀ ਅਤੇ ਰੇਤਾਂ ਦਾ ਰੇਟ ਦਰਸਾਉਂਦਾ ਬੋਰਡ ਲਗਾਉਣ ਦੇ ਨਿਰਦੇਸ਼ ਵੀ ਦਿੱਤੇ।




