ਜ਼ਿਲ੍ਹਾ ਮੋਗਾ ਵਿੱਚ 77.66 ਫੀਸਦੀ ਪਰਿਵਾਰਾਂ ਦੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਦਾ ਕੰਮ ਮੁਕੰਮਲ
ਡਿਪਟੀ ਕਮਿਸ਼ਨਰ ਨੇ ਬਕਾਇਆ ਰਹਿੰਦੇ ਯੋਗ ਲਾਭਪਾਤਰੀਆਂ ਨੂੰ ਵੀ ਈ-ਕਾਰਡ ਬਣਵਾਉਣ ਦੀ ਅਪੀਲ

ਮੋਗਾ, 28 ਅਗਸਤ (Charanjit Singh) -ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭਪਾਤਰੀ ਲੋਕਾਂ ਨੂੰ ਲਾਭ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨੇ ਯਤਨ ਵਿੱਢੇ ਹੋਏ ਹਨ। ਹੁਣ ਤੱਕ 77.66 ਫੀਸਦੀ ਯੋਗ ਪਰਿਵਾਰਾਂ ਦੇ ਈ- ਕਾਰਡ ਬਣਾ ਕੇ ਦਿੱਤੇ ਜਾ ਚੁੱਕੇ ਹਨ। ਜਦਕਿ ਬਕਾਇਆ ਰਹਿੰਦੇ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਜੰਗੀ ਪੱਧਰ ਉੱਤੇ ਮੁਹਿੰਮ ਵਿੱਢੀ ਹੋਈ ਹੈ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਯੋਜਨਾ ਦਾ ਲਾਭ ਲੈਣ ਲਈ ਕੁੱਲ 1,61,255 ਪਰਿਵਾਰ ਯੋਗ ਹਨ। ਇਹਨਾਂ ਵਿੱਚੋਂ ਹੁਣ ਤੱਕ 1,25,227 ਪਰਿਵਾਰ ਕਵਰ ਹੋ ਚੁੱਕੇ ਹਨ, ਜਦਕਿ ਬਾਕੀ ਰਹਿੰਦੇ 36038 ਪਰਿਵਾਰਾਂ ਨੂੰ ਕਵਰ ਕਰਨ ਲਈ ਯਤਨ ਸ਼ੁਰੂ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਵਿਅਕਤੀਗਤ ਤੌਰ ਉੱਤੇ 2,55,643 ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਵਿੱਚ ਸਾਲ 2019 ਤੋਂ ਹੁਣ ਤੱਕ 75465 ਮਰੀਜ਼ਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਲਾਭਪਾਤਰੀਆਂ ਨੂੰ ਈ-ਕਾਰਡ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ) ਅਤੇ ਸੇਵਾ ਕੇਂਦਰਾਂ ਵਿਚ ਲਾਭਪਾਤਰੀ ਆਪਣਾ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਜੁੜੇ ਵਿਭਾਗਾਂ ਦੀ ਪ੍ਰਗਤੀ ਦਾ ਉਹ ਸਮੇਂ ਸਮੇਂ ਉੱਤੇ ਜਾਇਜ਼ਾ ਲੈਂਦੇ ਹਨ ਅਤੇ ਯੋਜਨਾ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਯੋਜਨਾਬੱਧ ਢੰਗ ਨਾਲ ਕਾਰਡ ਬਣਾਏ ਜਾਣ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੁਵਿਧਾ ਦਾ ਲਾਭ ਪਹੁੰਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਿੰਡਾਂ ਤੇ ਸ਼ਹਿਰਾਂ ਵਿਚ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਕੋਈ ਵੀ ਲਾਭਪਾਤਰੀ ਇਸ ਸੁਵਿਧਾ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ 5 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਲਾਭਪਾਤਰੀ ਆਪਣੇ ਦਸਤਾਵੇਜ਼ ਲਿਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ, ਜਿਸ ਤਹਿਤ ਲਾਭਪਾਤਰੀ ਆਪਣੇ ਆਧਾਰ ਕਾਰਡ ਦੀ ਕਾਪੀ ਅਤੇ ਪਰਿਵਾਰ ਦੇ ਸਬੂਤ ਦਾ ਦਸਤਾਵੇਜ਼ ਲਿਜਾ ਕੇ ਆਪਣਾ ਈ ਕਾਰਡ ਬਣਵਾ ਸਕਦਾ ਹੈ।
ਉਨ੍ਹਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਹੁਣ ਤੱਕ ਕਾਰਡ ਨਹੀਂ ਬਣਵਾਏ, ਉਹ ਆਪਣੇ ਕਾਰਡ ਨੂੰ ਬਿਨਾ ਕਿਸੇ ਦੇਰੀ ਤੋਂ ਬਣਵਾ ਲੈਣ।




