Punjabਸਿੱਖਿਆਟੇਕਨੋਲਜੀਤਾਜਾ ਖਬਰਾਂਫੋਟੋ ਗੈਲਰੀਮੂਵੀ ਰੀਵਿਊਰਾਜਨੀਤੀਵਿਸ਼ਵ
14 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਬਾਘਾਪੁਰਾਣਾ ਵਿਖੇ ਆਯੋਜਿਤ ਹੋਵੇਗਾ ਮੈਗਾ ਰੋਜ਼ਗਾਰ ਮੇਲਾ
ਆਈ.ਟੀ.ਆਈ. ਵਿਖੇ ਲਗਾਏ ਰੋਜ਼ਗਾਰ ਮੇਲੇ ਵਾਂਗ ਇਸ ਮੇਲੇ ਨੂੰ ਵੀ ਭਰਵਾਂ ਹੁੰਗਾਰਾ ਮਿਲਣ ਦੀ ਆਸ-ਡਿਪਟੀ ਕਮਿਸ਼ਨਰ

ਬਾਘਾਪੁਰਾਣਾ/ਮੋਗਾ, 10 ਸਤੰਬਰ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ” ਮਿਸ਼ਨ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੈਗਾ ਰੋਜ਼ਗਾਰ ਮੇਲੇ ਆਯੋਜਿਤ ਕਰਵਾਏ ਜਾ ਰਹੇ ਹਨ, ਜਿਸਨੂੰ ਬੇਰੋਜ਼ਗਾਰ ਪ੍ਰਾਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਵੀ ਇੱਕ ਮੈਗਾ ਰੋਜ਼ਗਾਰ ਮੇਲਾ ਮਿਤੀ 9 ਸਤੰਬਰ ਨੂੰ ਸੰਪੂਰਨ ਹੋ ਚੁੱਕਿਆ ਹੈ, ਜਿਸਨੂੰ ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਆਪਣੀ ਯੋਗਤਾ ਅਨੁਸਾਰ 519 ਉਮੀਦਵਾਰਾਂ ਨੇ ਸਫ਼ਲਤਾਪੂਰਵਕ ਰੋਜ਼ਗਾਰ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਹੁਣ ਮਿਤੀ 14 ਸਤੰਬਰ, 2021 ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬਾਘਾਪੁਰਾਣਾ ਅਤੇ 17 ਸਤੰਬਰ, 2021 ਨੂੰ ਬਾਬਾ ਈਸ਼ਰ ਸਿੰਘ ਕਾਲਜ ਗਗੜਾ ਕੋਟ ਈਸੇ ਖਾਂ ਵਿਖੇ ਵੀ ਰੋਜ਼ਗਾਰ ਮੇਲੇ ਆਯੋਜਿਤ ਹੋ ਰਹੇ ਹਨ। ਇਨ੍ਹਾਂ ਆਯੋਜਿਤ ਹੋਣ ਵਾਲੇ ਮੈਗਾ ਰੋਜ਼ਗਾਰ ਮੇਲਿਆਂ ਨੂੰ ਵੀ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ, ਕਿਉਂਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਲਗਾਏ ਰੋਜ਼ਗਾਰ ਮੇਲੇ ਵਾਂਗ ਇਨ੍ਹਾਂ ਮੇਲਿਆਂ ਵਿੱਚ ਵੀ ਨਾਮਵਰ ਕੰਪਨੀਆਂ ਭਾਗ ਲੈ ਰਹੀਆਂ ਹਨ। ਕੰਪਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵਰਧਮਾਨ ਟੈਕਸਟਾਈਲ ਲਿਮ., ਚੈੱਕਮੇਟ ਸਕਿਉਰਿਟੀ ਸਰਵਿਸ਼ਜ, ਫਿਊਚਰ ਜਨਰਲੀ ਲਾਈਫ਼ ਇੰਸੂਰੈਂਸ਼, ਕੰਪੀਟੈਂਟ ਸਾਈਨਰਜੀਜ਼ ਪ੍ਰਾਈ. ਲਿਮ., ਆਈ.ਸੀ.ਆਈ.ਸੀ.ਆਈ.(ਬੈਂਕ ਵੈਲਯੂ ਮੈਨੇਜੇਰ), ਜਿਕਿਟਜ਼ਾ ਹੈਲਥਕੇਅਰ ਲਿਮ. ਕੰਪਨੀਆਂ ਤੋਂ ਇਲਾਵਾ ਹੋਰ ਵੀ ਨਾਮੀ ਕੰਪਨੀਆਂ ਹਿੱਸਾ ਲੈ ਕੇ ਨੌਜਵਾਨਾਂ ਦੀ ਰੋਜ਼ਗਾਰ ਲਈ ਚੋਣ ਕਰਨਗੀਆਂ।
ਉਨ੍ਹਾਂ ਜ਼ਿਲ੍ਹੇ ਦੇ ਬੇਰੋਜ਼ਗਾਰ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਆਪਣੀ ਯੋਗਤਾ ਅਤੇ ਹੁਨਰ ਦਿਖਾ ਕੇ ਢੁਕਵਾਂ ਰੋਜ਼ਗਾਰ ਪ੍ਰਾਪਤ ਕੀਤਾ ਜਾਵੇ।




