ਪਿੰਡ ਦੀਨਾ ਸਾਹਿਬ ਵਿਖੇ ਲੰਪੀ ਸਕਿੰਨ ਬਿਮਾਰੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਗ੍ਰਸਤ ਪਸ਼ੂ ਦਾ ਦੁੱਧ ਪੀਣ ਨਾਲ ਬਿਮਾਰੀ ਫੈਲਣ ਦੀਆਂ ਧਾਰਨਾਵਾਂ ਬਿਲਕੁਲ ਗਲਤ-ਡਾ. ਅਮਨਦੀਪ ਸਿੰਘ

ਮੋਗਾ, 1 ਸਤੰਬਰ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ, ਮੋਗਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਵਿਖੇ ਲੰਪੀ ਸਕਿੰਨ ਬਿਮਾਰੀ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਡਾ. ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਦੱੋਿਸਆ ਕਿ ਇਸ ਜਾਗਰੂਕਤਾ ਕੈਂਪ ਵਿੱਚ ਪਿੰਡ ਦੀਨਾ ਸਾਹਿਬ ਦੇ 65 ਪਸ਼ੂ ਪਾਲਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਇਸ ਬਿਮਾਰੀ ਬਾਰੇ ਬੜੀ ਬਾਰੀਕੀ ਨਾਲ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਗਾਵਾਂ ਵਿੱਚ ਖਾਸ ਤੌਰ ‘ਤੇ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਯੋਗ ਮਾਹਿਰਾਂ ਦੀ ਸਲਾਹ ਲੈਣੀ ਅਤਿ ਜਰੂਰੀ ਹੈ।
ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪ੍ਰਭਜੋਤ ਕੌਰ ਸਿੱਧੂ ਵੱਲੋਂ ਕਿਸਾਨਾਂ ਨੂੰ ਇਸ ਬਿਮਾਰੀ ਦੇ ਫੈਲਣ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਸਬੰਧੀ ਜਰੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ। ਉਹਨਾਂ ਦੱਸਿਆ ਕਿ ਇਹ ਬਿਮਾਰੀ ਮੱਖੀਆਂ, ਮੱਛਰ ਅਤੇ ਚਿੱਚੜਾਂ ਦੀਆਂ ਕੁਝ ਕਿਸਮਾਂ ਦੇ ਕੱਟਣ ਤੋਂ ਫੈਲਦੀ ਹੈ, ਜਿਸ ਕਾਰਨ ਜਾਨਵਰਾਂ ਵਿੱਚ ਤੇਜ਼ ਬੁਖਾਰ, ਅੱਖਾਂ ਤੇ ਮੂੰਹ ਵਿੱਚੋਂ ਪਾਣੀ ਦਾ ਵਗਣਾ, ਜਾਨਵਰਾਂ ਦਾ ਦੁੱਧ ਤੇਜੀ ਨਾਲ ਘਟਾ ਜਾਣਾ ਅਤੇ ਚਮੜੀ ਉੱਤੇ 2-4 ਸੈਂਟੀਮੀਟਰ ਦੀਆਂ ਗੰਢਾਂ ਬਣ ਜਾਣਾ ਆਦਿ ਕੁਝ ਲੱਛਣ ਸ਼ਾਮਿਲ ਹਨ। ਇਸ ਬਿਮਾਰੀ ਦੇ ਜਿਆਦਾ ਵਿਗੜਨ ਉੱਤੇ ਗੰਢਾਂ ਵਿੱਚ ਪਾਕ ਦਾ ਪੈਣਾ ਅਤੇ ਜੋ ਜਾਨਵਰ ਬਿਮਾਰੀ ਦਾ ਸਾਹਮਣਾ ਨਹੀਂ ਕਰ ਸਕਦੇ ਉਹਨਾਂ ਵਿੱਚ ਕੁਝ ਹੱਦ ਤੱਕ ਮੌਤ ਦਰ ਵੀ ਸ਼ਾਮਿਲ ਹੈ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਿਮਾਰ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖ ਕੇ ਉਹਨਾਂ ਦਾ ਇਲਾਜ ਕਰਵਾਉਣਾ ਜਰੂਰੀ ਹੈ ਤਾਂ ਜੋ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਆਪਣੇ ਇਲਾਕੇ ਦੇ ਯੋਗ ਵੈਟਨਰੀ ਡਾਕਟਰ ਤੋਂ ਸਲਾਹ ਜ਼ਰੂਰ ਲਈ ਜਾਵੇ ਤਾਂ ਜੋ ਅੱਗੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਲਾਜ ਦੇ ਨਾਲ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਅਤੇ ਸ਼ੈੱਡਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਵੱਲ ਧਿਆਨ ਦੇਣਾ ਵੀ ਲਾਜ਼ਮੀ ਹੋ ਜਾਂਦਾ ਹੈ। ਜਿਨ੍ਹਾਂ ਪਸ਼ੂਆਂ ਦੀ ਬਿਮਾਰੀ ਤੋਂ ਬਾਅਦ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਖੁੱਲ੍ਹੀਆਂ ਥਾਵਾਂ ਉੱਤੇ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਡੂੰਘਾ ਟੋਇਆ ਪੁੱਟ ਕੇ ਉਸ ਉੱਤੇ ਲੂਣ ਜਾਂ ਚੂਨਾ ਪਾ ਕੇ ਦੱਬਣਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਜੋ ਕੁਝ ਗਲਤ ਧਾਰਨਾਵਾਂ ਦੁੱਧ ਪੀਣ ਉੱਤੇ ਬਿਮਾਰੀ ਫੈਲਣ ਸਬੰਧੀ ਚੱਲ ਰਹੀਆਂ ਹਨ ਉਹਨਾਂ ਤੋਂ ਬਚਿਆ ਜਾਵੇ ਅਤੇ ਦੁੱਧ ਨੂੰ ਉਬਾਲ ਕੇ ਸੇਵਨ ਕੀਤਾ ਜਾ ਸਕਦਾ ਹੈ।
ਡਾ. ਪ੍ਰੇਰਨਾ ਠਾਕੁਰ (ਸਬਜ਼ੀ ਵਿਗਿਆਨ) ਵੱਲੋਂ ਆਉਣ ਵਾਲੇ ਸਮੇਂ ਵਿੱਚ ਲੱਗਣ ਵਾਲੀਆਂ ਟ੍ਰੇਨਿੰਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।





