ਮੰਡੀ ਬੋਰਡ ਦੇ ਦਫ਼ਤਰ ਵੱਲੋਂ ਰਾਮੂੰਵਾਲਾ ਖਰੀਦ ਕੇਂਦਰ ਵਿਖੇ ਲਗਾਏ 51 ਛਾਂਦਾਰ ਪੌਦੇ

ਮੋਗਾ, 24 ਜੁਲਾਈ ਜਿ਼ਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਪੰਜਾਬ ਮੰਡੀ ਬੋਰਡ ਦਫ਼ਤਰ ਮੋਗਾ ਵੱਲੋਂ ਆਪਣੀ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਹਰਿਆਵਲ ਮੁਹਿੰਮ ਤਹਿਤ ਖਰੀਦ ਕੇਂਦਰ ਰਾਮੂੰਵਾਲਾ ਵਿਖੇ 51 ਛਾਂਦਾਰ ਪੌਦੇ ਲਗਾਏ ਗਏ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿ਼ਲ੍ਹਾ ਮੰਡੀ ਅਫ਼ਸਰ ਮੋਗਾ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਉਨ੍ਹਾਂ ਦੇ ਵਿਭਾਗ ਵਿੱਚ ਹੋਰ ਵੀ ਵੱਖ ਵੱਖ ਲੋਕ ਪੱਖੀ ਗਤੀਵਿਧੀਆਂ ਜੰਗੀ ਪੱਧਰ ਤੇ ਜਾਰੀ ਹਨ।ਉਨ੍ਹਾਂ ਦੱਸਿਆ ਕਿ ਅੱਜ ਦੇ ਪਲੀਤ ਹੋ ਰਹੇ ਵਾਤਾਵਰਨ ਵਿੱਚ ਸ਼ੁੱਧਤਾ ਲਿਆਉਣ ਲਈ ਰੁੱਖ ਲਗਾਉਣਾ ਵਾਤਾਵਰਨ ਪੱਖੀ ਉਪਰਾਲਾ ਹੈ ਜਿਹੜਾ ਕਿ ਇਕੱਲੇ ਇਕੱਲੇ ਵਿਅਕਤੀ ਦੀ ਨੈਤਿਕ ਜਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਛੋਟੇ ਪੌਦਿਆਂ ਨੂੰ ਲਗਾ ਕੇ ਇਨ੍ਹਾਂ ਦੀ ਦੇਖਭਾਲ ਕਰਨੀ ਵੀ ਜਰੂਰੀ ਹੁੰਦੀ ਹੈ ਤਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਵਾਤਾਵਰਨ ਸ਼ੁੱਧਤਾ ਅਤੇ ਆਕਸੀਜਨ ਦਾ ਇੱਕ ਵਧੀਆ ਸਰੋਤ ਬਣ ਸਕਣ। ਉਨ੍ਹਾਂ ਕਿਹਾ ਕਿ ਦਫ਼ਤਰ ਵੱਲੋਂ ਲਗਾਏ ਇਨ੍ਹਾਂ 51 ਛਾਂਦਾਰ ਪੌਦਿਆਂ ਦੀ ਦੇਖਭਾਲ ਲਈ ਕੇਂਦਰ ਦੇ ਸਟਾਫ਼ ਦੀਆਂ ਜਿੰਮੇਵਾਰੀਆਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਉਪ ਜਿ਼ਲ੍ਹਾ ਮੰਡੀ ਅਫ਼ਸਰ ਮੋਗਾ ਅਮਨਪ੍ਰੀਤ ਸਿੰਘ, ਸਕੱਤਰ ਮੰਡੀ ਬੋਰਡ ਮੋਗਾ ਸੰਦੀਪ ਸਿੰਘ, ਮੰਡੀ ਸੁਪਰਵਾਈਜ਼ਰ ਪਰਮਿੰਦਰ ਸਿੰਘ, ਜਗਦੀਪ ਸਿੰਘ ਤੋਂ ਇਲਾਵਾ ਮਗਨਰੇਗਾ ਕਾਮੇ ਹਾਜ਼ਰ ਸਨ।





