ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਵੱਲੋਂ ਸਰਟੀਫਿਕੇਟਾਂ ਦੀ ਵੰਡ
ਦੋ ਹਫ਼ਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਸਫਤਾਪੂਰਵਕ ਸੰਪੰਨ

ਮੋਗਾ, 24 ਜੁਲਾਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪੜੇ੍ਹ-ਲਿਖੇ ਬੇਰੋਜ਼ਗਾਰ ਨੌਜਵਾਨ ਲੜਕੇ/ਲੜਕੀਆਂ ਨੂੰ ਡੇਅਰੀ ਫਾਰਮਿੰਗ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਵਿਸ਼ਵ ਪੱਧਰੀ ਤਕਨੀਕੀ ਗਿਆਨ ਦੇਣ ਲਈ ਦੋ ਹਫ਼ਤੇ ਦਾ ਡੇਅਰੀ ਟਰੇਨਿੰਗ ਕੋਰਸ ਚਲਾਇਆ ਗਿਆ, ਜਿਹੜਾ ਕਿ ਪਿਛਲੇ ਦਿਨੀਂ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ। ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਕੁਲਦੀਪ ਸਿੰਘ ਜੱਸੋਵਾਲ ਵੱਲੋਂ ਡੇਅਰੀ ਕਿਸਾਨਾਂ ਨੂੰ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਰਟੀਫਿਕੇਟਾਂ ਦੀ ਵੰਡ ਕੀਤੀ।
ਸ੍ਰ. ਕੁਲਦੀਪ ਸਿੰਘ ਜੱਸੋਵਾਲ ਨੇ ਦੱਸਿਆ ਕਿ ਸਾਡੇ ਵਿਭਾਗੀ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ੇ ਜਿਵੇਂ ਕਿ ਨਸਲ ਸੁਧਾਰ, ਸਾਫ ਦੁੱਧ ਪੈਦਾ ਕਰਨ ਦੀ ਮਹੱਤਤਾ, ਦੁੱਧ ਦੇ ਮੰਡੀਕਰਨ, ਹਰੇ ਚਾਰੇ ਦਾ ਆਚਾਰ ਤਿਆਰ, ਚਾਰੇ ਦੀਆਂ ਗੱਠਾਂ, ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਅਤੇ ਪਸ਼ੂਆਂ ਦੇ ਸੁਚੱਜੇ ਪ੍ਰਬੰਧ ਸਬੰਧੀ ਸਿਖਲਾਈ ਦਿੱਤੀ ਗਈ।
ਡਿਪਟੀ ਡਾਇਰੈਕਟਰ ਡੇਅਰੀ, ਮੋਗਾ ਸ੍ਰੀ. ਨਿਰਵੈਰ ਸਿੰਘ ਬਰਾੜ ਵੱਲੋਂ ਉਚੇਚੇ ਤੌਰ `ਤੇ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਵਾਲੇ ਇਹ ਸਿਖਿਆਰਥੀ ਹੁਣ ਪੰਜਾਬ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਲੈ ਕੇ ਸਵੈ-ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ।





