ਜਿ਼ਲ੍ਹਾ ਪ੍ਰਸ਼ਾਸ਼ਨ ਨੇ ਮਤਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੱਢੀ ਨੌਜਵਾਨਾਂ ਨਾਲ ਸਾਈਕਲ ਰੈਲੀ
ਏ.ਡੀ.ਸੀ., ਐਸ.ਡੀ.ਐਮ. ਨੇ ਚਲਾਇਆ 60 ਨੌਜਵਾਨਾਂ ਨਾਲ 6 ਕਿਲੋਮੀਟਰ ਸਾਈਕਲ

ਮੋਗਾ, 12 ਦਸੰਬਰ(Charanjit Singh)ਮਤਦਾਨ ਵਿੱਚ ਹਰ ਵੋਟਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਆਏ ਦਿਨ ਲਗਾਤਾਰ ਇੱਕ ਤੋਂ ਬਾਅਦ ਇੱਕ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਕੋਈ ਵੀ ਵੋਟਰ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਜਿ਼ਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ੍ਰੀ ਹਰਚਰਨ ਸਿੰਘ ਨੇੇ ਜਿ਼ਲ੍ਹਾ ਪ੍ਰਸ਼ਾਸ਼ਨ ਤਰਫੋਂ ਮਤਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੱਢੀ ਜਾ ਰਹੀ ਸਾਈਕਲ ਰੈਲੀ ਦੌਰਾਨ ਕੀਤਾ। ਇਸ ਸਾਈਕਲ ਰੈਲੀ ਵਿੱਚ ਉਨ੍ਹਾਂ ਖੁਦ ਸਾਈਕਲ ਚਲਾਇਆ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ-ਕਮ-ਜਿ਼ਲ੍ਹਾ ਚੋਣਕਾਰ ਅਫ਼ਸਰ ਮੋਗਾ ਸ੍ਰੀ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸ੍ਰੀ ਰਾਜਪਾਲ ਸਿੰਘ, ਜਿ਼ਲ੍ਹਾ ਵਿਕਾਸ ਫੈਲੋ ਸ੍ਰੀ ਰਵੀ ਤੇਜਾ, ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ, ਡੀ.ਐਮ. ਕਾਲਜ ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ, ਐਸ.ਕੇ. ਬਾਂਸਲ, ਸਵੀਪ ਕੋਆਰਡੀਨੇਟਰ (ਸਾਬਕਾ) ਬਲਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ, ਜਿੰਨ੍ਹਾਂ ਨੇ ਇਸ ਸਾਈਕਲ ਰੈਲੀ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਰੈਲੀ ਦੌਰਾਨ ਸਾਈਕਲਿੰਗ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਕੱਢਣ ਦਾ ਮੁੱਖ ਮੰਤਵ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਵੋਟ ਬਣਾਉਣ ਅਤੇ ਇਸਦਾ ਉੱਚਿਤ ਉਪਯੋਗ ਕਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ, ਕਿਉਂਕਿ ਨੌਜਵਾਨਾਂ ਦੀ ਵੋਟ ਚੰਗੇ ਲੋਕਤੰਤਰ ਦੇ ਨਿਰਮਾਣ ਕਰਨ ਵਿੱਚ ਮੀਲ ਪੱਥਰ ਸਾਬਿਤ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਸਮਾਂ ਸਵੇਰੇ 7:30 ਵਜੇ ਇਸ ਲਈ ਰੱਖਿਆ ਗਿਆ ਹੈ ਤਾਂ ਕਿ ਕਿਸੇ ਨੂੰ ਵੀ ਟ੍ਰੈਫਿਕ ਨਾਲ ਸਬੰਧਤ ਕੋਈ ਵੀ ਸਮੱਸਿਆ ਪੇਸ਼ ਨਾ ਆਵੇ।
ਸਾਈਕਲ ਰੈਲੀ ਸਮਾਪਤ ਹੋਣ ਤੋਂ ਬਾਅਦ ਜਿ਼ਲ੍ਹਾ ਚੋਣਕਾਰ ਅਫ਼ਸਰ ਮੋਗਾ ਸ੍ਰੀ ਸਤਵੰਤ ਸਿੰਘ ਨੇ ਦੱਸਿਆ ਕਿ ਅੱਜ ਦੀ ਇਹ ਸਾਈਕਲ ਰੈਲੀ ਬੱਸ ਸਟੈਂਡ ਤੋਂ ਅਕਾਲਸਰ ਰੋਡ, ਐਕਸਚੇਂਜ ਵਾਲੀ ਗਲੀ, ਸਿਵਲ ਹਸਪਤਾਲ ਦੀ ਬੈਕ ਸਾਈਡ, ਡੀ.ਐਮ. ਕਾਲਜ, ਚੈਂਬਰ ਰੋਡ, ਰੇਲਵੇ ਰੋਡ ਤੋਂ ਹੁੰਦੀ ਹੋਈ ਨੇਚਰ ਪਾਰਕ ਵਿਖੇ ਸਮਾਪਤ ਹੋਈ ਅਤੇ ਇਸ ਰੈਲੀ ਨੇ ਲਗਭਗ 6 ਕਿਲੋਮੀਟਰ ਦੀ ਦੂਰੀ ਤਹਿ ਕੀਤੀ। ਇਸ ਸਾਈਕਲ ਰੈਲੀ ਵਿੱਚ ਲਗਭਗ 60 ਨੌਜਵਾਨਾਂ ਨੇ ਭਾਗ ਲਿਆ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਯਕੀਨਨ ਵਰਤੋਂ ਕਰਨ ਦਾ ਪ੍ਰਣ ਲਿਆ ਅਤੇ ਹੋਰਨਾਂ ਨੂੰ ਵੀ ਮਤਦਾਨ ਪ੍ਰਤੀ ਜਾਗਰੂਕ ਕਰਨ ਦਾ ਭਰੋਸਾ ਜਿ਼ਲ੍ਹਾ ਪ੍ਰਸ਼ਾਸ਼ਨ ਨੂੰ ਦਿਵਾਇਆ।
ਚੋਣ ਤਹਿਸੀਲਦਾਰ ਮੋਗਾ ਸ੍ਰੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਰਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ।




