4 ਜੁਲਾਈ ਤੱਕ ਲੱਗਣਗੇ ਸਿਵਲ ਹਸਪਤਾਲ ਮੋਗਾ ਵਿੱਚ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ
ਯੂ.ਡੀ.ਆਈ.ਡੀ. ਕਾਰਡ ਧਾਰਕ ਜਾਂ ਇਸਨੂੰ ਅਪਲਾਈ ਕਰ ਚੁੱਕੇ ਦਿਵਿਆਂਗਜਨਾਂ ਲਈ 4 ਤੋਂ 8 ਜੁਲਾਈ ਤੱਕ ਲੱਗਣਗੇ ਅਲਿਮਕੋ ਅਸਿਸਮੈਂਟ ਕੈਂਪ

ਮੋਗਾ, 30 ਜੂਨ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿਖੇ 4 ਜੁਲਾਈ ਤੱਕ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿ਼ੰਨ੍ਹਾਂ ਦਿਵਿਆਂਗਜਨਾਂ ਨੇ ਇਸ ਕਾਰਡ ਲਈ ਅਪਲਾਈ ਕੀਤਾ ਹੋਇਆ ਹੈ ਉਹ ਵਿਅਕਤੀ 4 ਜੁਲਾਈ ਤੱਕ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਆਪਣਾ ਯੂੀ.ਡੀ.ਆਈ.ਡੀ. ਕਾਰਡ ਬਣਵਾ ਸਕਦਾ ਹੈ।ਇਸ ਸਮੇਂ ਦਿਵਿਆਂਗਜ ਵਿਅਕਤੀ ਕੋਲ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋਆਂ, ਪੁਰਾਣਾ ਦਿਵਿਆਂਗਜਤਾ ਸਰਟੀਫਿਕੇਟ ਅਤੇ ਆਪਣੇ ਹੋਰ ਦਸਤਾਵੇਜ਼ ਹੋਣੇ ਲਾਜ਼ਮੀ ਹਨ।
ਉਨ੍ਹਾਂ ਦੱਸਿਆ ਕਿ ਇਹ ਯੂ.ਡੀ.ਆਈ.ਡੀ. ਵਿਸ਼ੇਸ਼ ਕੈਂਪ ਇਸ ਲਈ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ 4 ਜੁਲਾਈ ਤੋਂ 8 ਜੁਲਾਈ ਤੱਕ ਲੱਗਣ ਵਾਲੇ ਅਲਿਮਕੋ ਕੈਂਪਾਂ ਵਿੱਚ ਵੱਧ ਤੋਂ ਵੱਧ ਦਿਵਿਆਂਗ ਵਿਅਕਤੀ ਭਾਗ ਲੈ ਕੇ ਲਾਹਾ ਲੈ ਸਕਣ, ਕਿਉਂਕਿ ਦਿਵਿਆਂਗਜਨਾਂ ਨੂੰ ਯੂ.ਡੀ.ਆਈ.ਡੀ. ਕਾਰਡ ਜਰੀਏ ਹੀ ਇਨ੍ਹਾਂ ਕੈਂਪਾਂ ਰਾਹੀਂ ਬਣਾਉਟੀ ਅੰਗ ਜਾਂ ਹੋਰ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਜਾਣੀ ਹੈ। ਜਿਹੜੇ ਵਿਅਕਤੀਆਂ ਦੇ ਪਹਿਲਾਂ ਹੀ ਯੂ.ਡੀ.ਆਈ.ਡੀ. ਕਾਰਡ ਬਣ ਚੁੱਕੇ ਹਨ ਉਹਨਾਂ ਦੀ ਰਜਿਸਟ੍ਰੇਸ਼ਨ ਹਰੇਕ ਪਿੰਡ ਅਤੇ ਸ਼ਹਿਰ ਪੱਧਰ ਉੱਤੇ ਬਣੇ ਸੀ.ਐਚ.ਸੀ. (ਕਾਮਨ ਸਰਵਿਸ ਸੈਂਟਰ) ਸੈਂਟਰਾਂ ਵਿੱਚ ਅਲਿਮਕੋ ਕੈਂਪਾਂ ਲਈ ਚੱਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਸਰੀਰਕ ਤੌਰ ਉੱਤੇ ਅਪਾਹਜ ਵਿਅਕਤੀਆਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਜ਼ਿਲਾ ਮੋਗਾ ਵਿੱਚ ਪੰਜ ਰਜਿਸਟ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਇੱਥੇ ਜਿਕਰਯੋਗ ਹੈ ਕਿ 4 ਜੁਲਾਈ ਨੂੰ ਸ੍ਰੀ ਸੱਤਿਆ ਸਾਂਈਂ ਮੁਰਲੀਧਰ ਆਯੁਰਵੈਦਿਕ ਕਾਲਜ, ਦੁੱਨੇਕੇ (ਮੋਗਾ) ਵਿਖੇ, 5 ਜੁਲਾਈ ਨੂੰ ਬਾਘਾਪੁਰਾਣਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, 6 ਜੁਲਾਈ ਨੂੰ ਨਿਹਾਲ ਸਿੰਘ ਵਾਲਾ ਦੀ ਅਗਰਵਾਲ ਧਰਮਸ਼ਾਲਾ ਵਿਖੇ, 7 ਜੁਲਾਈ ਨੂੰ ਧਰਮਕੋਟ ਦੇ ਦਫ਼ਤਰ ਮਿਉਂਸੀਪਲ ਕਾਊਂਸਲ ਵਿਖੇ ਅਤੇ 8 ਜੁਲਾਈ ਨੂੰ ਫ਼ਤਹਿਗੜ ਪੰਜਤੂਰ ਦੇ ਮਿਉਂਸੀਪਲ ਕਾਊਂਸਲ ਦਫ਼ਤਰ ਵਿਖੇ ਇਹ ਕੈਂਪ ਆਯੋਜਿਤ ਕੀਤੇ ਜਾਣਗੇ। ਇਨਾਂ ਕੈਂਪਾਂ ਵਿੱਚ ਅਲਿਮਕੋ ਦੇ ਮਾਹਿਰ ਡਾਕਟਰ ਯੋਗ ਲਾਭਪਾਤਰੀਆਂ ਦੀ ਅਸੈਸਮੇਂਟ ਕਰਨਗੇ। ਇਨਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਵੇਗਾ। ਇਹਨਾਂ ਕੈਂਪਾਂ ਦੌਰਾਨ ਯੋਗ ਵਿਅਕਤੀਆਂ ਨੂੰ ਮੋਟਰਰਾਈਜ਼ਡ ਟ੍ਰਾਈਸਾਈਕਲ, ਟ੍ਰਾਈਸਾਈਕਲ ਚਾਈਲਡ, ਟ੍ਰਾਈਸਾਈਕਲ ਅਡਲਟ, ਵੀਲ ਚੇਅਰ ਚਾਈਲਡ, ਵੀਲ ਚੇਅਰ ਅਡਲਟ, ਐਮ.ਐਸ.ਆਈ.ਈ.ਡੀ. ਕਿੱਟ, ਬੀ.ਟੀ. ਈ, ਕੰਨ ਦੀ ਮਸ਼ੀਨ, ਸਮਾਰਟਫੋਨ, ਐਲਬੋਵ ਕਲੱਚ ਲਾਰਜ, ਕਲੱਚ ਸਮਾਲ, ਕਲੱਚ ਲਾਰਜ, ਕਲੱਚ ਮੀਡੀਅਮ, ਵਾਕਿੰਗ ਸਟਿੱਕ, ਰੋਲੇਟਰ ਅਡਲਟ, ਸੀ.ਪੀ. ਚੇਅਰ, ਬਨਾਉਟੀ ਅੰਗ ਅਤੇ ਕਲਿੱਪਰ ਆਦਿ ਬਿਲਕੁਲ ਮੁਫ਼ਤ ਦੇਣ ਲਈ ਅਸਿਸਮੈਂਟ ਕੀਤੀ ਜਾਵੇਗੀ।




